Khedan Watan Punjab Diyan: ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ ਦੀ ਸ਼ੁਰੂਆਤ
ਪਟਿਆਲਾ ਅਤੇ ਮਾਲੇਰਕੋਟਲਾ ਵਿੱਚ ਵਿਧਾਇਕਾਂ ਨੇ ਖੇਡਾਂ ਸ਼ੁਰੂ ਕਰਵਾਈਆਂ
ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਦੀ ਪਟਿਆਲਾ ਤੋਂ ਸ਼ੁਰੂਆਤ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੀਤੀ। ਇਸ ਮੌਕੇ ਪਟਿਆਲਾ ਦੇ ਮੇਅਰ ਕੰਦਨ ਗੋਗੀਆ ਵੀ ਮੌਜੂਦ ਸਨ। ਵਿਧਾਇਕ ਕੋਹਲੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਦਾ ਖੇਡਾਂ ਨਾਲ ਪੁਰਾਣਾ ਨਾਤਾ ਹੈ। ਪਟਿਆਲਾ ਨੇ ਦੇਸ਼ ਨੂੰ ਕਈ ਨਾਮਵਰ ਖਿਡਾਰੀ ਦਿੱਤੇ ਹਨ ਅਤੇ ਇਹ ਸ਼ਹਿਰ ਹਮੇਸ਼ਾ ਹੀ ਖੇਡ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। ਇਸ ਮੌਕੇ ਜਿਲ੍ਹਾ ਖੇਡ ਅਫਸਰ ਨਵਜੋਤ ਧਾਲੀਵਾਲ, ਐੱਮ ਸੀ ਹਰਮਨ ਸੰਧੂ, ਜਸਬੀਰ ਸਿੰਘ ਬਿੱਟੂ, ਜੋਹਨੀ ਕੋਹਲੀ, ਸਾਗਰ ਧਾਲੀਵਾਲ, ਦੇਵਿੰਦਰ ਪਾਲ ਸਿੰਘ ਮਿੱਕੀ ਮੌਜੂਦ ਸਨ।
ਮਾਲੇਰਕੋਟਲਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਅੱਜ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਸਥਾਨਕ ਡਾ ਜ਼ਾਕੁਰ ਹੁਸੈਨ ਸਟੇਡੀਅਮ ’ਚ ਬਲਾਕ ਪੱਧਰੀ ਖੇਡਾਂ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਡਾ. ਰਹਿਮਾਨ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੌਜਵਾਨਾਂ ਦੇ ਬਹੁ-ਪੱਖੀ ਵਿਕਾਸ ਲਈ ਵਰਦਾਨ ਸਾਬਤ ਹੋ ਰਹੀਆਂ ਹਨ ਅਤੇ ਇਨ੍ਹਾਂ ਖੇਡਾਂ ਤੇ ਖੇਡ ਮੈਦਾਨਾਂ ਤੋਂ ਹੀ ਸਾਡੇ ਬੱਚੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣਗੇ। ਸਮਾਗਮ ਦੌਰਾਨ ਸੀਤਾ ਗਰਾਮਰ ਸਕੂਲ ਦੇ ਬੱਚਿਆਂ ਵੱਲੋਂ ਗਿੱਧਾ ਅਤੇ ਭੰਗੜਾ ਪੇਸ਼ ਕੀਤਾ। ਇਸ ਮੌਕੇ ਲੜਕੀਆਂ ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਅਲੀਸ਼ਾ ਨੇ ਪਹਿਲਾ ਤੇ ਲੜਕਿਆਂ ਦੀ 60 ਮੀਟਰ ਦੌੜ ਮਵਿੱਚ ਦਿਲਪ੍ਰੀਤ ਸਿੰਘ ਅੱਵਲ ਰਿਹਾ। ਇਸ ਮੌਕੇ ਡੀ ਐੱਸ ਪੀ ਮਾਨਵਜੀਤ ਸਿੰਘ ਅਤੇ ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਘ ਵੀ ਮੌਜੂਦ ਸਨ।

