Khedan Watan Punjab Diyan: ਸੌ ਮੀਟਰ ਦੌੜ ’ਚ ਸ਼ੁਭਮ ਸਭ ਤੋਂ ਮੋਹਰੀ
‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਬਲਾਕ ਅਹਿਮਦਗੜ੍ਹ ਦੇ 500 ਖਿਡਾਰੀਆਂ ਨੇ ਹਿੱਸਾ ਲਿਆ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਬਲਾਕ ਅਹਿਮਦਗੜ੍ਹ ਦੀਆਂ ਖੇਡਾਂ ਦੇ ਦੂਜੇ ਦਿਨ ਕਰੀਬ 500 ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੇ ਖੇਡ ਹੁਨਰ ਅਤੇ ਜਿੱਤ ਦੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਐਥਲੈਟਿਕਸ ਦੇ ਅੰਡਰ-21 ਲੜਕਿਆਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਗੁਰਸ਼ਰਨ ਸਿੰਘ ਨੇ ਪਹਿਲਾ, ਗੁਰਕੀਰਤ ਸਿੰਘ ਨੇ ਦੂਜਾ ਅਤੇ ਪ੍ਰਭਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਉਮਰ ਵਰਗ ਦੀ 100 ਮੀਟਰ ਦੌੜ ਵਿੱਚ ਸ਼ੁਭਮ ਬਾਵਾ ਨੇ ਸਭ ਤੋਂ ਤੇਜ਼ ਦੌੜਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਹਿਕਪ੍ਰੀਤ ਸਿੰਘ ਦੂਜੇ ਅਤੇ ਪਰਮਵੀਰ ਸਿੰਘ ਤੀਜੇ ਸਥਾਨ ’ਤੇ ਰਹੇ। ਫੁਟਬਾਲ ਅੰਡਰ-14 ਮੁਕਾਬਲਿਆਂ ਵਿੱਚ ਨਾਰੋਮਾਜਰਾ ਨੇ ਮਤੋਈ ਨੂੰ ਹਰਾ ਕੇ ਪਹਿਲਾ ਸਥਾਨ ਆਪਣੇ ਨਾਮ ਕੀਤਾ, ਜਦਕਿ ਭੋਗੀਵਾਲ ਨੇ ਦੁਲਮਾਂ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਸ਼ੂਟਿੰਗ ਦੇ ਲੜਕਿਆਂ ਦੇ 21 ਤੋਂ 30 ਸਾਲ ਉਮਰ ਵਰਗ ਵਿੱਚ ਜਿੱਤਵਾਲ ਖੁਰਦ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੌਜੂਦ ਖੇਡ ਪ੍ਰਤਿਭਾ ਨੂੰ ਆਪਣਾ ਹੁਨਰ ਸਾਹਮਣੇ ਲਿਆਉਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਦੇ ਕੇ ਉਨ੍ਹਾਂ ਨੂੰ ਤੰਦਰੁਸਤ ਜੀਵਨ-ਸ਼ੈਲੀ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ।

