Khatouli Panchayat Controversy: ਛੱਪੜ ਵਿੱਚੋਂ ਮਿੱਟੀ ਪੁੱਟਣ ਦਾ ਮਾਮਲਾ ਭਖਿਆ
ਪੰਚਾਂ ਵੱਲੋਂ ਪ੍ਰਬੰਧਕ ਨਿਯੁਕਤ ਕਰਨ ਦੀ ਅਪੀਲ; ਸਰਪੰਚ ’ਤੇ ਮਿੱਟੀ ਵੇਚਣ ਦਾ ਦੋਸ਼
ਬਲਾਕ ਭੁੱਨਰਹੇੜੀ ਅਧੀਨ ਆਉਂਦੇ ਪਿੰਡ ਖਤੌਲੀ ਦੀ ਪੰਚਾਇਤ ਵਿੱਚ ਕੋਰਮ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਪੰਚਾਇਤੀ ਕੰਮਕਾਜ ਚਲਾਉਣ ਲਈ ਬਹੁ ਗਿਣਤੀ ਪੰਚਾਂ ਨੇ ਪ੍ਰਬੰਧਕ ਨਿਯੁਕਤ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਪਿੰਡ ਖਤੌਲੀ ਦੇ ਪੰਚ ਸੁਰਜੀਤ ਸਿੰਘ ਅਤੇ ਬਾਕੀ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਛੱਪੜ ਵਿੱਚੋਂ ਸਰਪੰਚ ਨੇ ਨਾਜਾਇਜ਼ ਢੰਗ ਨਾਲ ਮਿੱਟੀ ਪੁੱਟ ਕੇ ਵੇਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਪੰਚਾਇਤੀ ਛੱਪੜ ਨੂੰ ਬਿਨਾਂ ਮਨਜ਼ੂਰੀ 20 ਤੋ 30 ਫੁੱਟ ਡੂੰਘਾ ਕਰ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੰਚਾਇਤ ਦੇ ਕੋਰਮ ਸਬੰਧੀ ਸਥਿਤੀ ਦੀ ਨਿਰਪੱਖ ਪੜਤਾਲ ਕਰ ਕੇ ਨਿਯਮਾਂ ਅਨੁਸਾਰ ਤੁਰੰਤ ਪ੍ਰਬੰਧਕ ਨਿਯੁਕਤ ਕੀਤਾ ਜਾਵੇ । ਸੁਰਜੀਤ ਸਿੰਘ ਨੇ ਦੋਸ਼ ਲਾਇਆ ਕਿ ਸਰਪੰਚ ਦੇ ਪਤੀ ਵੱਲੋਂ ਕੋਰਮ ਪੂਰਾ ਕਰਨ ਲਈ ਪੰਚਾਂ ’ਤੇ ਕਥਿਤ ਤੌਰ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਤੋਂ ਜਬਰੀ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਚਾਇਤ ਮੈਂਬਰਾਂ ਨੇ ਕਿਹਾ ਕਿ ਸਰਪੰਚ ਨੂੰ ਹੁਣ ਸਸਪੈਂਡ ਹੋਣ ਦਾ ਡਰ ਸਤਾ ਰਿਹਾ ਹੈ। ਪੰਚਾਇਤ ਮੈਂਬਰਾਂ ਨੇ ਇਸ ਮਾਮਲੇ ਨੂੰ ਡੀ ਡੀ ਪੀ ਓ ਪਟਿਆਲਾ ਕੋਲ ਉਠਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੰਚ ਸੁਰਜੀਤ ਸਿੰਘ ਨੇ ਕਿਹਾ ਕਿ ਜੇ ਪੰਚਾਇਤ ਦਾ ਕੋਰਮ ਪੂਰਾ ਨਹੀਂ ਹੈ ਤਾਂ ਤਰੁੰਤ ਪ੍ਰਬੰਧਕ ਲਾਇਆ ਜਾਵੇ।
ਪਿੰਡ ਦੀ ਸਹਿਮਤੀ ਨਾਲ ਮਿੱਟੀ ਪੁੱਟੀ: ਦਿਲਬਾਗ ਸਿੰਘ
ਪਿੰਡ ਖਤੌਲੀ ਦੀ ਸਰਪੰਚ ਹਰਜੀਤ ਕੌਰ ਦੇ ਪਤੀ ਦਿਲਬਾਗ ਸਿੰਘ ਨੇ ਕਿਹਾ ਕਿ ਛੱਪੜ ਵਿੱਚੋਂ ਮਿੱਟੀ ਸਾਰੇ ਮੈਂਬਰਾਂ ਅਤੇ ਪਿੰਡ ਦੀ ਸਹਿਮਤੀ ਨਾਲ ਪੁੱਟੀ ਗਈ ਹੈ। ਉਨ੍ਹਾਂ ਕਿਹਾ ਕਿ ਛੱਪੜ ਪੁੱਟਣ ਦੀ ਮਨਜ਼ੂਰੀ ਲਈ ਪੰਚਾਇਤ ਕੋਲ ਫੰਡ ਨਹੀਂ ਸਨ। ਉਨ੍ਹਾਂ ਕਿਹਾ ਕਿ ਜੋ ਪੰਚ ਉਨ੍ਹਾਂ ’ਤੇ ਦੋਸ਼ ਲਾ ਰਹੇ ਹਨ ਉਨ੍ਹਾਂ ਨੇ ਰਲ ਕੇ ਮਿੱਟੀ ਪੁਟਾਈ ਹੈ। ਕੁਝ ਮਿੱਟੀ ਖੇਡ ਮੈਦਾਨ ਵਿੱਚ ਪਾਈ ਹੈ ਅਤੇ ਬਾਕੀ ਠੇਕੇਦਾਰ ਲੈ ਗਿਆ।

