ਪੱਤਰ ਪ੍ਰੇਰਕ
ਘਨੌਰ, 23 ਅਕਤੂਬਰ
ਇਸ ਖੇਤਰ ਵਿੱਚੋਂ ਗੁਜ਼ਰਦੇ ਕੌਮੀ ਸ਼ਾਹ ਮਾਰਗ ’ਤੇ ਪਿੰਡ ਘੱਗਰ ਸਰਾਏ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਹਲਕਾ ਘਨੌਰ ਦੇ ਪਿੰਡ ਸੰਧਾਰਸੀ ਦੇ ਜੰਮਪਲ ਕਬੱਡੀ ਖਿਡਾਰੀ ਜਸਪ੍ਰੀਤ ਸਿੰਘ ਊਰਫ ਜੱਸੂ (26) ਦੀ ਮੌਤ ਹੋ ਗਈ ਅਤੇ ਚਾਰ ਜਣੇ ਹੋਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਕੱਲ੍ਹ ਦੇਰ ਰਾਤ ਰਾਸ਼ਟਰੀ ਕਬੱਡੀ ਖਿਡਾਰੀ ਜਸਪ੍ਰੀਤ ਸਿੰਘ ਜੱਸੂ ਆਪਣੇ ਚਾਰ ਹੋਰ ਸਾਥੀਆਂ ਨਾਲ ਸਵਿੱਫਟ ਕਾਰ ਵਿੱਚ ਆਪਣੇ ਪਿੰਡ ਸੰਧਾਰਸੀ ਤੋਂ ਰਾਜਪੁਰਾ ਜਾ ਰਿਹਾ ਸੀ। ਜਦੋਂ ਉਸ ਦੀ ਕਾਰ ਦਿੱਲੀ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਪਿੰਡ ਘੱਗਰ ਸਰਾਏ ਨੇੜਲੇ ਐਸ.ਵਾਈ.ਐਲ ਦੇ ਪੁਲ ਕੋਲ ਪੁੱਜੀ ਤਾਂ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਕਾਰ ਸਵਾਰ ਜਸਪ੍ਰੀਤ ਸਿੰਘ ਜੱਸੂ, ਗੁਰਪ੍ਰੀਤ ਸਿੰਘ ਵਾਸੀ ਪਿੰਡ ਸੰਧਾਰਸੀ, ਰਮਨਪ੍ਰੀਤ ਸਿੰਘ, ਅੰਗਰੇਜ਼ ਸਿੰਘ ਸਰਾਲਾ ਖੁਰਦ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਜੱਬੋਮਾਜਰਾ ਸਾਰੇ ਜਣੇ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਜਸਪ੍ਰੀਤ ਸਿੰਘ ਜੱਸੂ (26) ਨੂੰ ਮ੍ਰਿਤਕ ਐਲਾਨ ਦਿੱਤਾ। ਹੋਰਨਾਂ ਚਾਰ ਗੰਭੀਰ ਜ਼ਖ਼ਮੀਆਂ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਸਿਵਲ ਹਸਪਾਤਲ ਰਾਜਪੁਰਾ ਵਿੱਚ ਮੌਜੂਦ ਕੌਮਾਂਤਰੀ ਕਬੱਡੀ ਖਿਡਾਰੀ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਦੱਸਿਆ ਕਿ ਉਹ ਖੁਦ ਜਸਪ੍ਰੀਤ ਸਿੰਘ ਜੱਸੂ ਨੂੰ ਕਬੱਡੀ ਦੀ ਕੋਚਿੰਗ ਦਿੰਦੇ ਰਹੇ ਹਨ। ਉਹ ਹੋਣਹਾਰ ਖਿਡਾਰੀ ਸੀ ਅਤੇ ਉਸ ਨੇ ਰਾਸ਼ਟਰੀ ਪੱਧਰ ’ਤੇ ਕਬੱਡੀ ਮੁਕਾਬਲਿਆਂ ਵਿੱਚ ਮੱਲਾਂ ਮਾਰੀਆ। ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੁੂ ਕਰ ਦਿੱਤੀ ਹੈ।
ਸਕੂਟੀ ਦੀ ਫੇਟ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ
ਰਾਜਪੁਰਾ (ਪੱਤਰ ਪ੍ਰੇਰਕ): ਰਾਜਪੁਰਾ-ਪਟਿਆਲਾ ਜੀ.ਟੀ ਰੋਡ ’ਤੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸਿਟੀ ਦੇ ਮੁਖੀ ਅਕਾਸ਼ ਸ਼ਰਮਾ ਨੇ ਦੱਸਿਆ ਕਿ ਹਰੀ ਰਾਮ ਵਾਸੀ ਮਕਾਨ ਨੰਬਰ 25 ਅਰਜਨ ਨਗਰ ਪੁਰਾਣਾ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਭਰਾ ਰਮਨ ਕੁਮਾਰ ਰਾਜਪੁਰਾ-ਪਟਿਆਲਾ ਸੜਕ ’ਤੇ ਸ਼ਾਮ ਪੈਲੇਸ ਨੇੜੇ ਪੈਦਲ ਜਾ ਰਿਹਾ ਸੀ ਕਿ ਉਸ ਨੂੰ ਇੱਕ ਸਕੂਟਰੀ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਰਮਨ ਕੁਮਾਰ ਦੀ ਮੌਤ ਹੋ ਗਈ। ਪੁਲੀਸ ਨੇ ਹਰੀ ਰਾਮ ਦੀ ਸ਼ਿਕਾਇਤ ’ਤੇ ਅਣਪਛਾਤੇ ਸਕੂਟਰੀ ਚਾਲਕ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।