ਮੁਫਤ ਬੱਸ ਸਫ਼ਰ ਤੇ ਹੋਰ ਬਕਾਇਆਂ ਲਈ ਜੁਨੇਜਾ ਵੱਲੋਂ ਚੀਮਾ ਨਾਲ ਮੁਲਾਕਾਤ
ਪੀ ਆਰ ਟੀ ਸੀ ਦੇ ਮੁਫਤ ਬੱਸ ਸਫਰ ਸਣੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵੱਲ ਲੰਬਿਤ ਦੇਣਦਾਰੀਆਂ ਜਾਰੀ ਕਰਵਾਉਣ ਸਣੇ ਮੁਲਾਜ਼ਮ ਮਸਲਿਆਂ ਦੇ ਸਥਾਈ ਹੱਲ ਲਈ ਪੀ ਆਰ ਟੀ ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਅੱਜ ਵਿੱਤ ਮੰਤਰੀ ਹਰਪਾਲ ਚੀਮਾ...
ਪੀ ਆਰ ਟੀ ਸੀ ਦੇ ਮੁਫਤ ਬੱਸ ਸਫਰ ਸਣੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵੱਲ ਲੰਬਿਤ ਦੇਣਦਾਰੀਆਂ ਜਾਰੀ ਕਰਵਾਉਣ ਸਣੇ ਮੁਲਾਜ਼ਮ ਮਸਲਿਆਂ ਦੇ ਸਥਾਈ ਹੱਲ ਲਈ ਪੀ ਆਰ ਟੀ ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੁਲਾਕਾਤ ਕੀਤੀ। ਬਕਾਇਆਂ ਦੀ ਅਦਾਇਗੀ ਦੇ ਮੁੱਖ ਏਜੰਡੇ ’ਤੇ ਆਧਾਰਿਤ ਇਸ ਚੱਲਦੀ ਮੀਟਿੰਗ ਦੌਰਾਨ ਹੀ ਵਿੱਤ ਮੰਤਰੀ ਚੀਮਾ ਨੇ ਜਿਥੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨੂੰ ਪੀ ਆਰਟੀ ਸੀ ਦੇ ਬਕਾਇਆਂ ਦਾ ਪਹਿਲ ਦੇ ਆਧਾਰ ’ਤੇ ਭੁਗਤਾਨ ਕਰਨ ਦੀ ਤਾਕੀਦ ਕੀਤੀ, ਉਥੇ ਹੀ ਕਾਰਪੋਰੇਸ਼ਨ ਦੀ ਵਿੱਤੀ ਮਜ਼ਬੂਤੀ ਲਈ ਆਪਣੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਵੀ ਲੋੜੀਂਦੇ ਨਿਰਦੇਸ਼ ਜਾਰੀ ਕੀਤਾ। ਉਨ੍ਹਾਂ ਵਿੱਤ ਮੰੰਤਰੀ ਨੂੰ ਦੱਸਿਆ ਕਿ ਇਨ੍ਹਾਂ ਬਕਾਇਆਂ ਕਾਰਨ ਤਨਖਾਹਾਂ, ਪੈਨਸ਼ਨਾਂ ਤੇ ਮੈਡੀਕਲ ਬਿੱਲਾਂ ਸਣੇ ਹੋਰ ਅਦਾਇਗੀਆਂ ਲਟਕ ਜਾਂਦੀਆਂ ਹਨ। ਇਸ ਕਰਕੇ ਮੁਲਾਜ਼ਮਾਂ ਨੂੰ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਹਨ ਜੋ ਅਦਾਰੇ ਅਤੇ ਲੋਕਾਂ ’ਤੇ ਵੀ ਭਾਰੂ ਪੈਂਦੇ ਹਨ। ਉਨ੍ਹਾਂ ਸਾਰੇ ਬਕਾਇਆਂ ਦੀ ਅਦਾਇਗੀ ’ਤੇ ਜੋਰ ਦਿੱਤਾ। ਸ੍ਰੀ ਜੁਨੇਜਾ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਉਠਾਈਆਂ ਗਈਆਂ ਮੰਗਾਂ ਤੇ ਮੱਦਾਂ ਸਬੰਧੀ ਵਿੱਤ ਮੰਤਰੀ ਨੇ ਵਿਭਾਗੀ ਮੁਖੀਆਂ ਨੂੰ ਆਪੋ ਆਪਣੇ ਵਿਭਾਗਾਂ ਵੱਲ ਪੀ ਆਰ ਟੀ ਸੀ ਦੇ ਲੰਬਿਤ ਬਕਾਇਆਂ ਦੀ ਅਦਾਇਗੀ ਜਲਦ ਅਤੇ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਉਣ ਦੀ ਤਾਕੀਦ ਕੀਤੀ। ਇਸ ਮੌਕੇ ਜਨਰਲ ਮੈਨੇਜਰ ਪਟਿਆਲਾ ਜਤਿੰਦਰਪਾਲ ਗਰੇਵਾਲ ਅਤੇ ਜਨਰਲ ਮੈਨੇਜਰ (ਪ੍ਰਸ਼ਾਸਨ) ਮਨਿੰਦਰਪਾਲ ਸਿੱਧੂ ਵੀ ਮੌਜੂਦ ਸਨ।

