ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇੱਥੇ ਕੇਂਦਰੀ ਜੇਲ੍ਹ ਪਟਿਆਲਾ ਦਾ ਦੌਰਾ ਕੀਤਾ ਜਿਸ ਦੌਰਾਨ ਉਨ੍ਹਾਂ ਕੈਦੀਆਂ ਲਈ ਬਣਦੇ ਖਾਣੇ ਸਮੇਤ ਕੈਦੀਆਂ ਤੇ ਹਵਾਲਾਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸੁਰੱਖਿਆ ਗਾਰਡ ਵੱਲੋਂ ‘ਗਾਰਡ ਆਫ਼ ਆਨਰ’ ਵੀ ਦਿੱਤਾ ਗਿਆ। ਇਸ ਮਗਰੋਂ ਉਨ੍ਹਾਂ ਜੇਲ੍ਹ ਵਿਚਲੀ ਫੈਕਟਰੀ ਦਾ ਦੌਰਾ ਕਰਦਿਆਂ ਇੱਥੇ ਕੈਦੀਆਂ ਲਈ ਚੱਲਦੇ ਲੰਬੇ ਸਮੇਂ ਦੇ ਆਈ ਟੀ ਆਈ ਕੋਰਸਾਂ ਦਾ ਜਾਇਜ਼ਾ ਲਿਆ ਤੇ ਇਨ੍ਹਾਂ ਕੋਰਸਾਂ ’ਚ ਹਿੱਸਾ ਲੈ ਰਹੇ ਕੈਦੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਤੋਂ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਕੈਦੀਆਂ ਨੂੰ ਭਵਿੱਖ ’ਚ ਆਪਣੇ-ਆਪ ’ਚ ਸੁਧਾਰ ਲਿਆਉਣ ਲਈ ਪ੍ਰੇਰਿਆ। ਜਾਣਕਾਰੀ ਮੁਤਾਬਕ ਇਸ ਮੌਕੇ ਹੀ ਜੇਲ੍ਹ ਮੰਤਰੀ ਨੇ ਜੇਲ੍ਹ ’ਚ ਮੌਜੂਦ ਫਰੀ ਲੀਗਲ ਏਡ ਸੈੱਲ ਅਤੇ ਓਟ ਕਲੀਨਿਕ ਦਾ ਦੌਰਾ ਵੀ ਕੀਤਾ ਤੇ ਇਨ੍ਹਾਂ ਦੇ ਪ੍ਰਬੰਧਕਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਖਾਸ ਕਰਕੇ ਓਟ ਕਲੀਨਿਕ, ਜਿੱਥੇ ਜੇਲ੍ਹ ’ਚ ਆਓਣ ਵਾਲੇ ਨਸ਼ੇ ਦੇ ਆਦੀਆਂ ਦੇ ਇਲਾਜ ਬਾਰੇ ਜਾਣਕਾਰੀ ਪ੍ਰ੍ਰਾਪਤ ਕੀਤੀ। ਇਸ ਦੌਰਾਨ ਮੰਤਰੀ ਨੇ ਜੇਲ੍ਹ ਵਿਚ ਹੋਣ ਵਾਲੀਆਂ ਜ਼ੋਨਲ ਖੇਡਾਂ ਲਈ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚੋਂ ਪਟਿਆਲਾ ਜੇਲ੍ਹ ’ਚ ਆਏ ਕੈਦੀਆਂ ਸਮੇਤ ਸਥਾਨਕ ਕੈਦੀਆਂ ਦੇ ਨਾਲ ਵੀ ਗੱਲਬਾਤ ਕੀਤੀ।
‘ਮਜੀਠੀਆ ਨੂੰ ਜੇਲ੍ਹ ਵਿੱਚ ਕੋਈ ਖ਼ਤਰਾ ਨਹੀਂ’
ਨਾਭਾ (ਮੋਹਿਤ ਸਿੰਗਲਾ): ਸੂਬੇ ਦੇ ਟਰਾਂਸਪੋਰਟ ਵਿਭਾਗ ਅਤੇ ਜੇਲ੍ਹ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਾਭਾ ਜੇਲ੍ਹ ਦਾ ਦੌਰਾ ਕੀਤਾ ਤੇ ਕੈਦੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਬਿਕਰਮ ਸਿੰਘ ਮਜੀਠੀਆ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰ-ਵਾਰ ਜ਼ਾਹਰ ਕੀਤੇ ਜਾਂਦੇ ਖ਼ਦਸ਼ੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਕੋਈ ਖ਼ਤਰਾ ਨਹੀਂ ਹੈ ਤੇ ਉਨ੍ਹਾਂ ਨੂੰ ਹਾਈ ਸਕਿਉਰਿਟੀ ਜ਼ੋਨ ਵਿੱਚ ਰੱਖਿਆ ਗਿਆ ਹੈ ਜਿੱਥੇ ਸੁਪਰਡੈਂਟ ਲਗਾਤਾਰ ਨਿਗਰਾਨੀ ਰੱਖਦੇ ਹਨ। ਇਸ ਮੌਕੇ ਉਨ੍ਹਾਂ ਪੰਜਾਬ ਦੇ ਵਿੱਚ ਅਪਰਾਧ ਲਈ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਦੇ ਗੈਂਗਸਟਰਾਂ ਨਾਲ ਕਥਿਤ ਸਬੰਧਾਂ ਨੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜਿਆ। ਹੁਣ ਵੀ ਉਹੀ ਅਨਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪੁਲੀਸ ਨੂੰ ਸਿਆਸੀ ਦਬਾਅ ਤੋਂ ਮੁਕਤ ਕਰ ਕੇ ਗੈਂਗਸਟਰਾਂ ਨਾਲ ਨਜਿੱਠਣ ਲਈ ਖੁੱਲ੍ਹ ਦਿੱਤੀ ਗਈ ਹੈ।

