ਬੂਟਾ ਸਿੰਘ ਵਾਲਾ ਤੇ ਬਾਦਸ਼ਾਹਪੁਰ ’ਚ ਸਿੰਜਾਈ ਪ੍ਰਾਜੈਕਟਾਂ ਦਾ ਉਦਘਾਟਨ
ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਨਹਿਰੀ ਪਾਣੀ: ਗੋਇਲ
ਪੰਜਾਬ ਦੇ ਜਲ ਸਰੋਤ, ਖਣਨ ਤੇ ਭੂ-ਵਿਗਿਆਨ, ਭੂਮੀ ਅਤੇ ਪਾਣੀ ਦੀ ਸੰਭਾਲ ਮੰਤਰੀ ਬਰਿੰਦਰ ਗੋਇਲ ਨੇ ਪਿੰਡ ਬੂਟਾ ਸਿੰਘ ਵਾਲਾ ਅਤੇ ਬਾਦਸ਼ਾਹਪੁਰ ਵਿੱਚ ਨਹਿਰੀ ਪਾਣੀ ਦੇ ਸਿੰਜਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੀ ਹਾਜ਼ਰ ਸਨ। ਜਲ ਸਰੋਤ ਮੰਤਰੀ ਸ੍ਰੀ ਗੋਇਲ ਨੇ ਕਿਹਾ ਕਿ ਸ਼ੁਤਰਾਣਾ ਹਲਕੇ ਵਿੱਚ 80.35 ਕਰੋੜ ਰੁਪਏ ਦੀ ਲਾਗਤ ਨਾਲ 137.13 ਕਿਲੋਮੀਟਰ ਨਹਿਰਾਂ, ਰਜਵਾਹਿਆਂ ਅਤੇ ਸਬ-ਮਾਈਨਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਸ ਨਾਲ 56 ਪਿੰਡਾਂ ਦੀ ਲਗਭਗ 68,500 ਏਕੜ ਜ਼ਮੀਨ ਨੂੰ ਸਿੰਜਾਈ ਲਈ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤਹਿਤ 2 ਨਹਿਰਾਂ, 14 ਕੁੱਲ ਮਾਈਨਰ ਅਤੇ ਸਬ-ਮਾਈਨਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 53.9 ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ, ਜਿਨ੍ਹਾਂ ’ਤੇ 8.89 ਕਰੋੜ ਰੁਪਏ ਦੀ ਲਾਗਤ ਆਈ ਹੈ। ਇਨ੍ਹਾਂ ਪਾਈਪਲਾਈਨਾਂ ਰਾਹੀਂ 18 ਪਿੰਡਾਂ ਦੀ ਕਰੀਬ 9,302 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਸ੍ਰੀ ਗੋਇਲ ਨੇ ਬਾਦਸ਼ਾਹਪੁਰ ਵਿੱਚ ਘੱਗਰ ਬੰਨ੍ਹ ਮਜ਼ਬੂਤ ਕਰਨ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਡਰੇਨੇਜ਼ ਵਿਭਾਗ ਨੇ ਘੱਗਰ ਦੇ ਕਿਨਾਰੇ, ਜਿੱਥੇ ਕਿਤੇ ਢਾਹ ਲੱਗਣ ਦਾ ਖ਼ਦਸ਼ਾ ਸੀ, ਉੱਥੇ 1000 ਫੁੱਟ ਖੇਤਰ ’ਤੇ 2.46 ਕਰੋੜ ਰੁਪਏ ਖਰਚ ਕਰਕੇ ਪੱਥਰ ਤੇ ਜਾਲੀ ਲਾ ਕੇ ਮਜ਼ਬੂਤ ਕੀਤਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਗੋਇਲ ਨੇ ਕਿਹਾ ਕਿ ਡਰੇਨੇਜ਼ ਵਿਭਾਗ ਨੇ ਪਿਛਲੇ ਸਾਲ ਦੌਰਾਨ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਲਈ ਜੋ ਕੰਮ ਕੀਤਾ, ਉਹ ਕਦੇ ਪਿਛਲੇ 50 ਸਾਲਾਂ ਵਿੱਚ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬਾਦਸ਼ਾਹਪੁਰ ਵਿੱਚ ਵੀ ਖਨੌਰੀ ਦੀ ਤਰ੍ਹਾਂ ਗੇਜ ਲਾਈ ਜਾਵੇਗੀ ਅਤੇ ਹੁਣ ਤੱਕ ਹੜ੍ਹਾਂ ਤੋਂ ਬਚਾਅ ਦੇ ਕਾਰਜ ਮੁਕੰਮਲ ਕਰ ਲਏ ਗਏ ਹਨ।
ਇਸ ਮੌਕੇ ਵਿਧਾਇਕ ਸ੍ਰੀ ਬਾਜ਼ੀਗਰ ਨੇ ਕਿਹਾ ਕਿ ਕੈਬਨਿਟ ਮੰਤਰੀ ਗੋਇਲ ਤੀਜੀ ਵਾਰ ਸ਼ੁਤਰਾਣਾ ਹਲਕੇ ’ਚ ਆ ਕੇ ਉਦਘਾਟਨ ਕਰ ਕੇ ਗਏ ਹਨ ਤੇ ਕਿਸਾਨਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੰਜਾਬ ਸਰਕਾਰ ਨੇ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਘੱਗਰ ਤੋਂ ਪਾਰਲੇ ਪਿੰਡਾਂ ਤੱਕ ਵੀ ਇਹ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਟਰੱਕ ਯੂਨੀਅਨ ਪਾਤੜਾਂ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ, ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ, ਨਿਗਰਾਨ ਇੰਜਨੀਅਰ ਰਜਿੰਦਰ ਘਈ, ਸਿੰਜਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੁਨਦੀਪ ਸਿੰਘ, ਆਕਾਸ਼ ਅਗਰਵਾਲ ਸਮੇਤ ਵੱਡੀ ਗਿਣਤੀ ਕਿਸਾਨ, ਇਲਾਕਾ ਵਾਸੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

