ਰਤਨ ਸਿੰਘ ਢਿੱਲੋਂ
ਅੰਬਾਲਾ, 15 ਸਤੰਬਰ
ਅੰਬਾਲਾ ਦੀ ਸੀਆਈਏ-1 ਟੀਮ ਨੇ ਅੰਤਰਰਾਜੀ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਚੋਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਇੱਕ ਬੁਲੇਟ ਅਤੇ ਐਕਟਿਵਾ ਸਮੇਤ ਕੁਲ 16 ਮੋਟਰਸਾਈਕਲ ਬਰਾਮਦ ਕੀਤੇ ਹਨ। ਮੁਲਜ਼ਮ ਰਵੀ ਕੁਮਾਰ ਬੋਹ ਪਿੰਡ ਦਾ ਹੈ ਜਦੋਂਕਿ ਅਤੁਲ ਪ੍ਰੇਮ ਨਗਰ ਅਤੇ ਅਰੁਣ ਕੁਮਾਰ ਮਾਡਲ ਟਾਊਨ ਅੰਬਾਲਾ ਸ਼ਹਿਰ ਦੇ ਰਹਿਣ ਵਾਲੇ ਹਨ।
ਤਿੰਨੋਂ ਲੋਕਾਂ ਦੀ ਮੰਗ ਅਨੁਸਾਰ ਬਾਈਕ ਸਪਲਾਈ ਕਰਦੇ ਸਨ। ਐੱਸਪੀ ਅੰਬਾਲਾ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਸ਼ਾਹਜ਼ਾਦਪੁਰ ਥਾਣੇ ਵਿੱਚ ਦਰਜ ਚੋਰੀ ਦੇ ਮਾਮਲੇ ’ਚ ਸੀਆਈਏ-1 ਨੇ ਬੋਹ ਪਿੰਡ ਦੇ ਰਵੀ ਕੁਮਾਰ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਫੜਿਆ ਸੀ। ਰਵੀ ਅੰਬਾਲਾ ਛਾਉਣੀ, ਬਲਦੇਵ ਨਗਰ ਅਤੇ ਬੋਹ ਵਿੱਚ ਬਾਈਕ ਮਕੈਨਿਕ ਵਜੋਂ ਕੰਮ ਕਰਦਾ ਸੀ ਜੋ ਹੈਰੋਇਨ ਵਰਗੇ ਮਹਿੰਗੇ ਨਸ਼ੇ ਦੀ ਆਦਤ ਕਾਰਨ ਮੋਟਰਸਾਈਕਲ ਚੋਰ ਬਣ ਗਿਆ ਅਤੇ ਕੁਝ ਹੀ ਸਮੇਂ ਵਿੱਚ ਅੰਬਾਲਾ ਸਮੇਤ ਕਈ ਥਾਵਾਂ ਤੋਂ 16 ਮੋਟਰਸਾਈਕਲ ਚੋਰੀ ਕਰ ਲਏ। ਪੁਲੀਸ ਨੇ ਮੁਲਜ਼ਮਾਂ ਨੂੰ ਦੋ ਦਿਨਾ ਰਿਮਾਂਡ ’ਤੇ ਲੈ ਕੇ ਸਾਰੇ ਵਾਹਨ ਬਰਾਮਦ ਕਰ ਲਏ ਹਨ। ਰਿਮਾਂਡ ਦੌਰਾਨ ਰਵੀ ਨੇ ਪ੍ਰੇਮ ਨਗਰ ਵਾਸੀ ਅਤੁਲ ਅਤੇ ਮਾਡਲ ਟਾਊਨ ਵਾਸੀ ਅਰੁਣ ਕੁਮਾਰ ਦੇ ਨਾਵਾਂ ਦਾ ਖ਼ੁਲਾਸਾ ਕੀਤਾ ਜੋ ਰਵੀ ਕੋਲੋਂ ਚਾਰ ਤੋਂ ਪੰਜ ਹਜ਼ਾਰ ਰੁਪਏ ਵਿੱਚ ਮੋਟਰਸਾਈਕਲ ਖ਼ਰੀਦ ਕੇ ਅੱਗੇ 10 ਹਜ਼ਾਰ ਰੁਪਏ ਵਿੱਚ ਵੇਚ ਦਿੰਦੇ ਸਨ। ਐੱਸਪੀ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਮੋਟਰਸਾਈਕਲ ਪੰਜਾਬ ਨੰਬਰ ਦਾ ਹੈ ਅਤੇ ਇੱਕ ਜਗਾਧਰੀ ਤੋਂ ਚੋਰੀ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।