ਰਵੇਲ ਸਿੰਘ ਭਿੰਡਰ
ਪਟਿਆਲਾ, 21 ਜੂਨ
ਕੌਮਾਂਤਰੀ ਯੋਗ ਦਿਵਸ ਕਰੋਨਾ ਮਹਾਮਾਰੀ ਦੀ ਵਜ੍ਹਾ ਕਾਰਨ ਐਤਕੀਂ ਰਵਾਇਤੀ ਮੈਦਾਨੀ ਉਤਸ਼ਾਹ ਨਾਲੋਂ ਹਟਕੇ ਆਨ ਲਾਈਨ ਤੇ ਵੈਬੀਨਾਰ ਪੱਧਰ ‘ਤੇ ਹੀ ਮਨਾਇਆ ਜਾ ਸਕਿਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਪੋਰਟਸ ਸਾਇੰਸ ਵਿਭਾਗ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚਲਾਈ ਜਾ ਰਹੀ ‘ਮਿਸ਼ਨ ਫਤਹਿ‘ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਦੇ ਮਕਸਦ ਨਾਲ ਇਕ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ।
ਇਸ ਵੈਬੀਨਾਰ ਦਾ ਵਿਸ਼ਾ ਕਰੋਨਾ ਰੋਗ ਨਾਲ ਲੜਨ ਵਿੱਚ ਯੋਗ ਦੀ ਮਹੱਤਤਾ ਬਾਰੇ ਸੀ। ਇਸ ਵੈਬੀਨਾਰ ਵਿੱਚ ਸੱਤ ਸੌ ਤੋਂ ਵੀ ਵਧੇਰੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਰਹੀ ਜਿਸ ਵਿਚ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਲੋਕ ਜੁੜੇ ਹੋਏ ਸਨ। ਏ.ਆਈ.ਆਈ. ਐਮ. ਐੱਸ. ਨਵੀਂ ਦਿੱਲੀ ਤੋਂ ਪ੍ਰਸਿੱਧ ਫਿਜ਼ੀਓਲੌਜਿਸਟ ਡਾ. ਕੇ. ਕੇ. ਦੀਪਕ ਅਤੇ ਐੱਸ.ਏ.ਆਈ. ਕੋਲਕਾਤਾ ਤੋਂ ਡਾ. ਸਨੇਹਾਂਸ਼ੂ ਅਧਿਕਾਰੀ ਇਸ ਵੈਬੀਨਾਰ ਦੇ ਮੁੱਖ ਬੁਲਾਰੇ ਸਨ। ਪ੍ਰਧਾਨਗੀ ਭਾਸ਼ਣ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਦਿੱਤਾ ਗਿਆ। ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਬੀ. ਐੱਸ. ਘੁੰਮਣ ਨੇ ਕਿ ਸਾਨੂੰ ਯੋਗ ਜਿਹੀਆਂ ਸਾਡੀਆਂ ਵਿਰਾਸਤੀ ਅਤੇ ਪੁਰਾਤਨ ਵਿਧੀਆਂ ਨੂੰ ਆਧੁਨਿਕ ਵਿਗਿਆਨ ਨਾਲ ਜੋੜ ਕੇ ਅਪਨਾਉਣ ਦੀ ਲੋੜ ਹੈ। ਵਿਭਾਗ ਮੁਖੀ ਡਾ. ਅਜੀਤਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਵੱਖ-ਵੱਖ ਮਾਹਿਰਾਂ ਨੂੰ ਇਸ ਮਹਾਮਾਰੀ ਦੇ ਸਮੇਂ ਆਪਣੀਆਂ ਅਹਿਮ ਸਲਾਹਾਂ ਨਾਲ ਅੱਗੇ ਆਉਣ ਦੀ ਲੋੜ ਹੈ। ਇਸ ਵੈਬੀਨਾਰ ਵਿਚ ਸੀਨੀਅਰ ਅਧਿਆਪਕ ਡਾ. ਪਰਮਵੀਰ ਅਤੇ ਡਾ. ਅਸ਼ੋਕ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਇਸੇ ਤਰਾਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਕਾਲਜ ਪਿ੍ਰੰਸੀਪਲ ਡਾ: ਸਿਮਰਤ ਕੌਰ ਨੇ ਫੈਕਲਟੀ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਪੂਰੇ ਉਤਸ਼ਾਹ ਨਾਲ ਮਨਾਉਣ ਲਈ ਪ੍ਰੇਰਿਆ।ਐਨਸੀਸੀ ਨੇਵਲ ਵਿੰਗ ਦੇ 30 ਕੈਡਿਟਾਂ ਨੇ ਆਪਣੇ-ਆਪਣੇ ਘਰਾਂ ਵਿਚ ਯੋਗਾ ਅਭਿਆਸ ਕੀਤਾ। ਸਥਾਨਕ ਪੁਲੀਸ ਡੀ.ਏ.ਵੀ.ਸਕੂਲ ਸਮੇਤ ਹੋਰ ਸੰਸਥਾਵਾਂ ਵੱਲੋਂ ਯੋਗ ਦਿਵਸ ਨੂੰ ਆਨ ਲਾਈਨ ਤਰੀਕੇ ਮਨਾਇਆ। ਕੁੱਲ ਮਿਲਾ ਕੇ ਇਹ ਇੱਕ ਆਪਣੇ ਆਪ ਵਿੱਚ ਨਵੀਂ ਤਰ੍ਹਾਂ ਦਾ ਅਨੁਭਵ ਹੋ ਨਬਿੜਿਆ।