
ਗੁਰੂ ਰਵਿਦਾਸ ਲਾਇਬ੍ਰੇਰੀ ਦਾ ਉਦਘਾਟਨ ਕਰਦੇ ਹੋਏ ਰਾਹੁਲ ਸੈਣੀ। -ਫੋਟੋ: ਅਕੀਦਾ
ਪਟਿਆਲਾ (ਪੱਤਰ ਪ੍ਰੇਰਕ): ਪਟਿਆਲਾ ਵਿਚ ਵੱਖ ਵੱਖ ਥਾਵਾਂ ’ਤੇ ਭਗਤ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਪਟਿਆਲਾ ਸ਼ਹਿਰ ਵਿੱਚ ਭਗਤ ਰਵਿਦਾਸ ਦੇ ਮੰਦਿਰ ਵਿੱਚ ਜਿੱਥੇ ਸ਼ਰਧਾਲੂਆਂ ਨੇ ਹਾਜ਼ਰੀ ਭਰੀ, ਉੱਥੇ ਹੀ ਰਣਜੀਤ ਨਗਰ ਸਿਊਨਾ ਚੌਕ ਵਿੱਚ ਗੁਰੂ ਰਵਿਦਾਸ ਮਿਸ਼ਨਰੀ ਸੁਸਾਇਟੀ ਨੇ ਗੁਰੂ ਰਵਿਦਾਸ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ। ਸ਼ਹੀਦ ਬਾਬਾ ਜੈ ਸਿੰਘ ਖਲਕਟ ਦੇ ਬਾਰਨ ਵਿੱਚ ਵੀ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਸਿਉਨਾ ਚੌਕ ਵਿਚ ਇਕ ਨਵੀਂ ਪਹਿਲ ਕਰਦਿਆਂ ਇਕ ਲਾਇਬ੍ਰੇਰੀ ਦਾ ਉਦਘਾਟਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਸਪੁੱਤਰ ਰਾਹੁਲ ਸੈਣੀ ਨੇ ਕੀਤਾ। ਇਸ ਮੌਕੇ ਇੰਪਰੂਵਮੈਂਟ ਟਰੱਸਟ ਤੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਆਪ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ ਤੋਂ ਇਲਾਵਾ ਗੁਰੂ ਰਵਿਦਾਸ ਮਿਸ਼ਨਰੀ ਸੁਸਾਇਟੀ ਰਣਜੀਤ ਨਗਰ ਦੇ ਪ੍ਰਧਾਨ ਲਾਭ ਸਿੰਘ, ਸਕੱਤਰ ਰਾਮਧੰਨ, ਸ਼ਮਸ਼ੇਰ ਸਿੰਘ, ਜੱਗਾ ਸਿੰਘ ਮੀਤ ਪ੍ਰਧਾਨ ਐਸਸੀ ਵਿੰਗ, ਨਾਰੰਗ ਸਿੰਘ, ਕੁਲਦੀਪ ਸਿੰਘ, ਟਹਿਲ ਸਿੰਘ ਅਤੇ ਡਾ. ਗੁਰਮੀਤ ਕੱਲਰਮਾਜਰੀ ਨੇ ਯੋਗਦਾਨ ਪਾਇਆ। ਇਹ ਲਾਇਬ੍ਰੇਰੀ ਆਰਐਸ ਬੰਗੜ ਦੇ ਯਤਨਾਂ ਸਦਕਾ ਖੋਲ੍ਹੀ ਗਈ। ਰਾਹੁਲ ਸੈਣੀ ਨੇ ਰਣਜੀਤ ਨਗਰ ਚੌਕ ਵਿਚ ਖੁੱਲ੍ਹਾ ਜਿਮ ਖੋਲ੍ਹਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਅਤੇ ਰਵਿਦਾਸ ਮੰਦਰ ਜਿਵੇਂ ਸਿਊਨਾ, ਲੰਗ, ਹਸਨਪੁਰ ਵਿੱਚ ਪ੍ਰਕਾਸ਼ ਦਿਹਾੜਾ ਮਨਾਇਆ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ