ਸੁਭਾਸ਼ ਚੰਦਰ
ਸਮਾਣਾ, 24 ਸਤੰਬਰ
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਦੀ ਗਾਜ਼ੀਪੁਰ ਗਊਸ਼ਾਲਾ ਵਿੱਚ ਸਵੱਛ ਭਾਰਤ ਮਿਸ਼ਨ-2 ਤਹਿਤ ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੇਡਾ ਰਾਹੀਂ ਕਰੀਬ 48 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਬਾਇਓਗੈਸ ਪਲਾਂਟ ਦਾ ਉਦਘਾਟਨ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਨਤਾ ਮਾਡਲ ਬਾਇਓਗੈਸ ਪਲਾਂਟ ਵਿੱਚ 2.5 ਟਨ ਗੋਹੇ ਦੀ ਰੋਜ਼ਾਨਾ ਵਰਤੋਂ ਕੀਤੀ ਜਾਵੇਗੀ ਜਿਸ ਤੋਂ ਬਾਇਓਗੈਸ ਪੈਦਾ ਹੋਵੇਗੀ।
ਇਸ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਅੰਦਰ ਸੜਕਾਂ ’ਤੇ ਫਿਰਦੇ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਲਿਜਾ ਕੇ ਜਿੱਥੇ ਲੋਕਾਂ ਨੂੰ ਆਵਾਰਾ ਪਸ਼ੂਆਂ ਕਾਰਨ ਪੈਦਾ ਹੁੰਦੀ ਪ੍ਰੇਸ਼ਾਨੀ ਤੋਂ ਰਾਹਤ ਦਿਵਾਉਣ ਲਈ ਵਚਨਬੱਧ ਹੈ ਉੱਥੇ ਹੀ ਗਊਧਨ ਦੀ ਵੀ ਬਿਹਤਰ ਸਾਂਭ-ਸੰਭਾਲ ਕੀਤੀ ਜਾਵੇਗੀ।
ਬਾਗਬਾਨੀ, ਸੁਤੰਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਮਾਜਰਾ ਨੇ ਦੱਸਿਆ ਕਿ ਇਸ ਨਾਲ ਬਾਇਓਗੈਸ ਪਲਾਂਟ ਨਾਲ ਸਾਫ਼ ਬਾਲਣ, ਸਿਹਤ ਤੇ ਖੁਸ਼ੀ ਪ੍ਰਾਪਤ ਹੁੰਦੀ ਹੈ। ਇਹ ਪੇਂਡੂ ਸਵੱਛਤਾ ਅਤੇ ਵਾਤਾਵਰਣ ਨੂੰ ਸੁਧਾਰਨ ਵਿੱਚ ਵੀ ਮਦਦ ਕਰਦਾ ਹੈ ਜਦਕਿ ਗਊਸ਼ਾਲਾ ਵਿਖੇ ਪੈਦਾ ਹੁੰਦੇ ਗੋਹੇ ਨੂੰ ਇਸ ਪਲਾਂਟ ਵਿੱਚ ਵਰਤਿਆ ਜਾਵੇਗਾ ਤੇ ਇਸ ਨਾਲ ਵਾਤਾਵਰਣ ਸ਼ੁੱਧ ਹੋਵੇਗਾ ਤੇ ਇਸ ਗੋਹੇ ਦੀ ਵੀ ਸਦਵਰਤੋਂ ਵੀ ਕੀਤੀ ਜਾ ਸਕੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਨਾਲ ਘੱਟੋ-ਘੱਟ 43500 ਰੁਪਏ ਮਹੀਨਾ ਦੀ ਵੱਖ-ਵੱਖ ਤਰੀਕਿਆਂ ਨਾਲ ਬਚਤ ਹੋ ਸਕੇਗੀ। ਇਸ ਮੌਕੇ ਹਰਜਿੰਦਰ ਸਿੰਘ ਮਿੰਟੂ, ਗੁਰਦੇਵ ਸਿੰਘ ਟਿਵਾਣਾ, ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ. ਗੁਰਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।