ਪਟਿਆਲਾ ਅਤੇ ਸੰਗਰੂਰ ਵਿੱਚ ਜੰਗਲਾਤ ਕਾਮਿਆਂ ਨੇ ਸਰਕਾਰ ਖ਼ਿਲਾਫ਼ ਧਰਨੇ ਲਾਏ

ਪਟਿਆਲਾ ਅਤੇ ਸੰਗਰੂਰ ਵਿੱਚ ਜੰਗਲਾਤ ਕਾਮਿਆਂ ਨੇ ਸਰਕਾਰ ਖ਼ਿਲਾਫ਼ ਧਰਨੇ ਲਾਏ

ਪਟਿਆਲਾ ਵਿੱਚ ਜੰਗਲਾਤ ਮੰਤਰੀ ਦੀ ਅਰਥੀ ਸਾੜਦੇ ਹੋਏ ਜੰਗਲਾਤ ਕਾਮੇ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਅਗਸਤ

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਲਾਇਆ ਗਿਆ ਪੱਕਾ ਮੋਰਚਾ 15ਵੇਂ ਦਿਨ ਵੀ ਜਾਰੀ ਰਿਹਾ। ਅੱਜ ਦਾ ਮੋਰਚਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਜਗਤਾਰ ਸਿੰਘ ਨਾਭਾ ਤੇ ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਚੱਲਿਆ। 

  ਬਲਵੀਰ ਸਿੰਘ ਮੰਡੌਲੀ ਨੇ ਦੱਸਿਆ ਕਿ ਵਣ ਮੰਡਲ ਅਫ਼ਸਰ ਖ਼ਿਲਾਫ਼ ਜੰਗਲਾਤ ਵਰਕਰਾਂ ਨੇ ਆਪਣੀਆਂ ਮੰਗਾਂ ਮਨਾਉਣ ਲਈ ਪੱਕਾ ਮੋਰਚਾ ਲਾਇਆ ਹੈ। ਸਾਡੀਆਂ ਮੰਗਾਂ ਵਿੱਚ ਵਰਕਰਾਂ ਦੀ ਸੀਨੀਅਰਤਾ ਸੂਚੀ ਸੋਧ ਕੇ ਅਸਲ ਹੱਕਦਾਰ ਨੂੰ ਬਣਦਾ ਹੱਕ ਦਿੱਤਾ ਜਾਵੇ, ਵਰਕਰਾਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ, ਵਰਕਰਾਂ ਨੂੰ 6 ਮਹੀਨੇ ਤੋਂ ਰੁਕੀਆਂ ਤਨਖ਼ਾਹਾਂ ਦਿੱਤੀਆਂ ਜਾਣ ਅਤੇ ਸਾਲ 2017 ਅਤੇ 2018 ਦੀਆਂ ਰੇਂਜ ਰਾਜਪੁਰਾ ਵਿੱਚ ਕੀਤੇ ਕੰਮ ਦੀਆਂ 22 ਵਰਕਰਾਂ ਦੀਆਂ ਤਨਖ਼ਾਹਾਂ ਵੀ ਦਿੱਤੀਆਂ ਜਾਣ।

ਜ਼ਿਲ੍ਹੇ ਦਾ ਵਣ ਰੇਂਜ ਅਫ਼ਸਰ ਰਾਜਪੁਰਾ ਕਥਿਤ ਤੌਰ ’ਤੇ ਵਿੱਤੀ ਬਜਟ ਦੇ 10 ਲੱਖ ਤੋਂ ਵੱਧ ਬਿੱਲ ਬਣਾ ਕੇ ਫੰਡ ਹੜੱਪ ਗਿਆ ਹੈ ਜਿਸ ਖ਼ਿਲਾਫ਼ ਅੱਜ ਤੱਕ ਉੱਚ ਅਧਿਕਾਰੀ ਤੇ ਪੰਜਾਬ ਸਰਕਾਰ ਕੈਪਟਨ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਕਰਕੇ ਜੰਗਲਾਤ ਵਰਕਰਾਂ ਵਿੱਚ ਰੋਸ ਹੈ, ਨਾ ਤਾਂ ਐਕਟ 2016 ਤਹਿਤ 2390 ਵਰਕਰ ਦੇ ਮੈਡੀਕਲ ਤੇ ਪੁਲੀਸ ਵੈਰੀਫਿਕੇਸ਼ਨ ਕਰਾਉਣ ਆਰਡਰ ਦੇਣ ਤੋਂ ਮੁੱਕਰ ਗਈ ਅਤੇ 4900 ਦੇ ਕਰੀਬ ਪੰਜਾਬ ਦੀ ਸੀਨੀਅਰਤਾ ਸੂਚੀ ਅਨੁਸਾਰ ਵਰਕਰਾਂ ਨੂੰ ਕੰਮ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਵਣ ਮੰਡਲ ਅਫ਼ਸਰਾਂ ਦੀਆਂ ਅਰਥੀ ਫੁਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ। ਜੇਕਰ ਜਲਦੀ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਭਜਨ ਸਿੰਘ, ਸੰਦੀਪ ਸਿੰਘ, ਕਰਮ ਸਿੰਘ, ਹਰਨੇਕ ਸਿੰਘ, ਬਚਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਵਣ ਮੰਡਲ ਦਫ਼ਤਰ ਅੱਗੇ 10 ਦਿਨਾਂ ਤੋਂ ਰੋਸ ਧਰਨਾ ਜਾਰੀ

ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਅਗਸਤ     

ਸੰਗਰੂਰ ’ਚ ਵਣ ਮੰਡਲ ਦਫ਼ਤਰ ਅੱਗੇ ਨੰਗੇ ਧੜ ਪ੍ਰਦਰਸ਼ਨ ਕਰਦੇ ਹੋਏ ਮੁਲਾਜ਼ਮ।

ਜੰਗਲਾਤ ਵਰਕਰ ਯੂਨੀਅਨ ਪੰਜਾਬ ਵੱਲੋਂ ਦਿੱਤੇ ਸੱਦੇ ਅਨੁਸਾਰ ਜ਼ਿਲ੍ਹਾ ਸੰਗਰੂਰ  ਦੇ ਵਣ ਮੁਲਾਜ਼ਮਾਂ ਵੱਲੋਂ ਰੋਸ ਧਰਨੇ ਦੇ 10ਵੇਂ ਦਿਨ ਜ਼ਿਲ੍ਹਾ ਦਫ਼ਤਰ ਅੱਗੇ ਨੰਗੇ ਧੜ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਮੰਗਾਂ ਦਾ ਹੱਲ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। 

ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗਾਗਾ, ਜਨਰਲ ਸਕੱਤਰ ਸਤਨਾਮ ਸਿੰਘ, ਵਿੱਤ ਸਕੱਤਰ ਜਗਜੀਵਨ ਸਿੰਘ ਅਤੇ ਪੀ.ਐੱਸ.ਐੱਸ.ਐੱਫ਼. ਦੇ ਆਗੂ ਮਾਲਵਿੰਦਰ ਸਿੰਘ ਸੰਧੂ ਨੇ  ਕਿਹਾ ਕਿ ਵਰਕਰਾਂ ਨੂੰ ਅਪਰੈਲ ਤੋਂ ਲੈ ਕੇ ਹੁਣ ਤੱਕ ਤਨਖਾਹਾਂ ਨਹੀਂ ਮਿਲੀਆਂ ਜਿਸ ਕਾਰਨ ਆਰਥਿਕ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਜੇਕਰ ਵਿਭਾਗ ਨੇ ਮੰਗਾਂ ਦਾ ਸਾਰਥਕ ਹੱਲ ਨਾ ਕੱਢਿਆ ਗਿਆ ਤਾਂ ਫ਼ਿਰ ਸੂਬਾ ਪੱਧਰੀ ਜਥੇਬੰਦਕ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

ਉਨ੍ਹਾਂ ਪੰਜਾਬ ਸਰਕਾਰ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਕੈਪਟਨ ਦੀ ਸਰਕਾਰ ਹੁਣ ਤੱਕ ਦੀਆਂ ਸਰਕਾਰਾਂ ਵਿੱਚੋਂ ਸਭ ਤੋਂ ਨਿਕੰਮੀ ਸਿੱਧ ਹੋ ਰਹੀ ਹੈ। ਹਰ ਰੋਜ਼ ਮੁਲਾਜ਼ਮਾਂ ਨੂੰ ਮਿਲ ਰਹੀਆਂ ਸਹੂਲਤਾਂ ਖੋਹਣ ਦੇ ਪੱਤਰ ਜਾਰੀ ਕੀਤੇ ਜਾ ਰਹੇ ਹਨ। ਮੁਲਾਜ਼ਮ ਮਾਰੂ ਕੀਤੇ ਜਾ ਰਹੇ ਇਨ੍ਹਾਂ ਫੈਸਲਿਆਂ ਦੇ ਸਿੱਟੇ ਸਰਕਾਰ ਖਿਲਾਫ ਜਾਣਗੇ। ਆਗੂਆਂ ਮੰਗ ਕੀਤੀ ਕਿ  ਰੋਕੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਹਰ ਵਰਕਰ ਦਾ ਈ.ਐੱਸ.ਆਈ./ ਈ.ਪੀ.ਐੱਫ. ਫੰਡ ਕੱਟਿਆ ਜਾਵੇ, ਮਗਨਰੇਗਾ ਕਾਮਿਆਂ ਤੋਂ ਵਿਭਾਗੀ ਕੰਮ ਵਾਪਸ ਲਿਆ ਜਾਵੇ ਅਤੇ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਨੂੰ ਵਰਦੀਆਂ ਲੈਣ ਲਈ ਫੰਡ ਜਾਰੀ ਕੀਤੇ ਜਾਣ। ਇਸ ਮੌਕੇ ਸੁਖਦੇਵ ਸਿੰਘ, ਲਾਭ ਸਿੰਘ ਸੰਗਤੀਵਾਲਾ, ਸੁਰਜੀਤ ਸਿੰਘ, ਬੀਹਲਾ ਸਿੰਘ ਬਰਨਾਲਾ, ਬਲਕਾਰ ਸਿੰਘ ਆਦਿ ਸ਼ਾਮਲ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All