ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਸਤੰਬਰ
ਨਗਰ ਨਿਗਮ ਦੀ ਟੀਮ ਨੇ ਪੁਲੀਸ ਦੀ ਮਦਦ ਨਾਲ ਅੱਜ ਵੱਡੇ ਤੜਕੇ ਇੱਥੇ ਮਾਲ ਰੋਡ ’ਤੇ ਸਥਿਤ ਪਵਿੱਤਰ ਸ੍ਰੀ ਕਾਲੀ ਮਾਤਾ ਮੰਦਰ ਨੇੜਿਓਂ ਰੇਹੜੀ ਫੜੀ ਦੇ ਰੂਪ ’ਚ ਕਾਫ਼ੀ ਸਮੇਂ ਤੋਂ ਮੌਜੂਦ ਨਾਜਾਇਜ਼ ਕਬਜ਼ੇ ਹਟਾ ਦਿੱਤੇ। ਤਰਕ ਸੀ ਕਿ ਇਹ ਕਬਜ਼ੇ ਜਿੱਥੇ ਨਾਜਾਇਜ਼ ਸਨ, ਉੱਥੇ ਹੀ ਇਸ ਕਾਰਨ ਆਵਾਜਾਈ ’ਚ ਵੀ ਵਿਘਨ ਪੈਂਦਾ ਸੀ। ਇਹ ਕਬਜ਼ੇ ਹਟਾਉਣ ਲਈ ਪੁਲੀਸ ਨੇ ਜੇਸੀਬੀ ਮਸ਼ੀਨਾਂ ਦਾ ਇਸਤੇਮਾਲ ਕੀਤਾ। ਇਸ ਮੌਕੇ ਸੌ ਦੇ ਕਰੀਬ ਰੇਹੜੀਆਂ ਅਤੇ ਫੜੀਆਂ ਇੱਥੋਂ ਹਟਾਈਆਂ ਗਈਆਂ।

ਜ਼ਿਕਰਯੋਗ ਹੈ ਇੱਥੇ ਸਥਿਤ ਪੁਰਾਤਨ ਕਾਲੀ ਮਾਤਾ ਮੰਦਰ ਪ੍ਰਤੀ ਲੋਕਾਂ ’ਚ ਕਾਫ਼ੀ ਆਸਥਾ ਹੈ ਜਿਸ ਕਰਕੇ ਹਰੇਕ ਸ਼ਨਿਚਰਵਾਰ ਇੱਥੇ ਭਾਰੀ ਇਕੱਠ ਹੁੰਦਾ ਹੈ। ਖਾਸ ਕਰਕੇ ਨਰਾਤਿਆਂ ਦੇ ਦਿਨਾਂ ’ਚ ਤਾਂ ਇੱਥੇ ਪੈਰ ਧਰਨ ਲਈ ਵੀ ਥਾਂ ਨਹੀਂ ਹੁੰਦੀ।
ਜਾਣਕਾਰੀ ਮੁਤਾਬਕ ਇਹ ਐਕਸ਼ਨ ਨੂੰ ਪੂਰੀ ਤਰਾਂ ਗੁਪਤ ਰੱਖਿਆ ਗਿਆ ਸੀ ਅਤੇ ਇਸ ਸਬੰਧੀ ਦੁਕਾਨਦਾਰਾਂ ਨੂੰ ਵੀ ਪਤਾ ਨਹੀਂ ਲੱੱਗ ਸਕਿਆ। ਇਸ ਦੌਰਾਨ ਇਹਤਿਆਤ ਦੇ ਤੌਰ ’ਤੇ ਸੁਰੱਖਿਆ ਪ੍ਰ੍ਰਬੰਧਾਂ ਵਜੋਂ ਇੱਥੇ ਵੱਡੀ ਗਿਣਤੀ ’ਚ ਪੁਲੀਸ ਫੋਰਸ ਵੀ ਮੌਜੂਦ ਸੀ। ਦਿਨ ਚੜ੍ਹਨ ’ਤੇ ਜਦੋਂ ਤੱਕ ਦੁਕਾਨਦਾਰਾਂ ਨੂੰ ਇਸ ਕਾਰਵਾਈ ਬਾਰੇ ਪਤਾ ਲੱਗਾ ਤਾਂ ਉਦੋਂ ਤੱਕ ਇਹ ਜਗ੍ਹਾ ਪੂਰੀ ਤਰਾਂ ਸਾਫ਼ ਕੀਤੀ ਜਾ ਚੁੱਕੀ ਸੀ। ਭਾਵੇਂ ਇਨ੍ਹਾਂ ਦੁਕਾਨਦਾਰਾਂ ਨੇ ਇੱਕ ਵਾਰ ਵਿਰੋਧ ’ਚ ਕਾਫ਼ੀ ਰੌਲਾ ਵੀ ਪਾਇਆ, ਪਰ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੰਦਰ ਦੇ ਨਜ਼ਦੀਕ ਹੀ ਦੂਜੇ ਪਾਸੇ ਥਾਂ ਦਿੱਤੀ ਜਾ ਰਹੀ ਹੈ।