ਮੀਂਹ ਨਾਲ ਸੈਂਕੜੇ ਏਕੜ ਝੋਨਾ ਡੁੱਬਿਆ

ਮੀਂਹ ਨਾਲ ਸੈਂਕੜੇ ਏਕੜ ਝੋਨਾ ਡੁੱਬਿਆ

ਨਵਾਂ ਪਿੰਡ ਕਲਵਾਣੂ ਦੇ ਕਿਸਾਨਾਂ ਦਾ ਮੀਂਹ ਦੇ ਪਾਣੀ ਨਾਲ ਡੁੱਬਿਆ ਝੋਨਾ।

ਸ਼ਾਹਬਾਜ਼ ਸਿੰਘ
ਘੱਗਾ, 12 ਜੁਲਾਈ

ਕੱਲ੍ਹ ਰਾਤ ਭਾਰੀ ਬਾਰਸ਼ ਤੇ ਤੇਜ਼ ਝੱਖੜ ਕਾਰਨ ਸ਼ੁਤਰਾਣਾ ਹਲਕੇ ਦੇ ਘੱਗਰ ਨਾਲ ਲਗਦੇ ਦਰਜਨਾਂ ਪਿੰਡਾਂ ’ਚ ਸੈਂਕੜੇ ਏਕੜ ਝੋਨੇ ਦੀ ਫਸਲ ਡੁੱਬ ਗਈ ਹੈ, ਉਥੇ ਸੜਕਾਂ ਤੇ ਦਰਖਤ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ। ਭਾਰੀ ਬਰਸਾਤ ਮਗਰੋਂ ਘੱਗਰ ਦੇ ਪਾਣੀ ਦਾ ਖਤਰਾ ਬਣ ਗਿਆ ਹੈ। ਪਿੰਡ ਬਾਦਸ਼ਾਹਪੁਰ, ਉਗੋਕੇ, ਡੇਰਾ ਪਾੜਿਆ, ਨਨਹੇੜਾ, ਰਾਮਪੁਰ ਪੜਤਾ, ਨਵਾਂ ਪਿੰਡ ਕਲਵਾਣੂ, ਜਲਾਲਪੁਰ, ਸਾਧਾਰਨਪੁਰ, ਮੋਮੀਆ, ਕਰਤਾਰਪੁਰ, ਝੀਲ, ਭੂੰਡਥੇਹ ਆਦਿ ਪਿੰਡਾਂ ’ਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਖੇਤਾਂ ’ਚ ਪਾਣੀ ਉਪਰੋਥਲੀ ਹੋ ਗਿਆ ਹੈ। ਨਵਾਂ ਪਿੰਡ ਕਲਵਾਣੂ ਦੇ ਲੋਕਾ ਨੇ ਦੱਸਿਆ ਕਿ ਬਰਸਾਤੀ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ ਤੇ ਡਰੇਨ ਨਾ ਹੋਣ ਕਾਰਨ ਪਾਣੀ ਖੇਤਾਂ ’ਚ ਖੜ੍ਹ ਗਿਆ ਹੈ ਜਦੋਂਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਝੋਨੇ ਦੀ ਫਸਲ ਤਬਾਹ ਹੋ ਰਹੀ ਹੈ। ਨਵਾਂ ਪਿੰਡ ਕਲਵਾਣੂ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਪੱਛਮ ਵੱਲ ਕੋਈ ਡਰੇਨੇਜ ਨਹੀਂ ਹੈ ਤੇ ਬਰਸਾਤ ਦੇ ਪਾਣੀ ਨਾਲ ਹਰ ਸਾਲ ਫਸਲ ਤਬਾਹ ਹੋ ਜਾਂਦੀ ਹੈ।

ਇਸੇ ਤਰ੍ਹਾਂ ਪਿੰਡ ਸਾਧਾਰਨਪੁਰ ਦੇ ਸੈਂਕੜੇ ਏਕੜ ਝੋਨੇ ਦੇ ਖੇਤ ਡੁੱਬ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਮੋਮੀਆਂ ਤੋਂ ਰਸੋਲੀ ਤੱਕ ਡਰੇਨ ਦੀ ਖੁਦਾਈ ਨਹੀਂ ਹੋਈ ਜਦੋਂਕਿ ਇਸ 2 ਕਿਲੋਮੀਟਰ ਤੱਕ ਮਨਜੂਰੀ ਵੀ ਮਿਲੀ ਹੋਈ ਹੈ। ਇਸੇ ਤਰ੍ਹਾਂ ਪਿੰਡ ਝੀਲ ’ਚ ਬਾਰਸ਼ ਦਾ ਪਾਣੀ ਝੋਨੇ ਤੋਂ ਉਪਰ ਹੋ ਗਿਆ ਹੈ ਤੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ।ਇਸੇ ਦੌਰਾਨ ਐਕਸੀਅਨ ਡਰੇਨੇਜ ਅਮਨਦੀਪ ਸਿੰਘ ਬੈਂਸ ਨੇ ਦੱਸਿਆ ਕਿ ਮੋਮੀਆ ਤੋਂ ਰਸੌਲੀ ਤੱਕ ਖੁਦਾਈ ਦੀ ਮਨਜ਼ੂਰੀ ਨਹੀਂ ਆਈ ਹੈ। ਉਨ੍ਹਾਂ ਦੱਸਿਆ ਕਿ ਡਰੇਨ ’ਚ ਪਾਣੀ ਦਾ ਵਹਾਅ ਜ਼ੋਰਾਂ ਨਾਲ ਚੱਲ ਰਿਹਾ ਹੈ।

ਦੇਵੀਗੜ੍ਹ (ਮੁਖਤਿਆਰ ਨੌਗਾਵਾਂ) ਭਾਰੀ ਮੀਂਹ ਨਾਲ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਪਾਣੀ ਤੋਂ ਸੁੱਖ ਦਾ ਸਾਹ ਤੇ ਗਰਮੀ ਤੋਂ ਰਾਹਤ ਮਿਲੀ ਹੈ ਪਰ ਉਥੇ ਹੀ ਕੁਝ ਇਲਾਕਿਆਂ ’ਚ ਇਸ ਬਾਰਸ਼ ਨੇ ਕਿਸਾਨਾਂ ਦੀ ਫਸਲ ਨੂੰ ਲਪੇਟ ’ਚ ਲੈ ਲਿਆ ਹੈ। ਪਦੇਵੀਗੜ੍ਹ ਨੇੜੇ ਪਿੰਡ ਚਪਰਾਹੜ ’ਚ ਜੁਲਕਾਂ ਤੋਂ ਬਿੰਜਲ ਸੜਕ ਵਿੱਚ ਬਣੀਆਂ ਪੁਲੀਆਂ ਦੇ ਅਗਲੇ ਪਾਸੇ ਕੁਝ ਕਿਸਾਨਾਂ ਵੰਲੋਂ ਵੱਟਾਂ ਮਾਰ ਕੇ ਪਾਣੀ ਰੋਕਿਆ ਗਿਆ ਹੈ, ਜਿਸ ਕਾਰਨ ਪਿੰਡ ਚਪਰਾਹੜ ਦੇ ਕਿਸਾਨਾਂ ਦੀ 70 ਏਕੜ ਝੋਨੇ ਦੀ ਫਸਲ ਪਾਣੀ ’ਚ ਡੁੱਬ ਗਈ ਹੈ। ਇਸ ਮੌਕੇ ਬਾਬਾ ਪਵਨ ਗਿਰਿ ਤੇ ਕੁਝ ਪਿੰਡ ਵਾਸੀਆਂ ਨੇ ਇਸ ਪ੍ਰਤੀਨਿਧ ਨੂੰ ਦੱਸਿਆ ਕਿ ਪਿੰਡ ਚਪਰਾਹੜ ਦੀ ਜ਼ਮੀਨ ਪਹਿਲਾਂ ਹੀ ਜੁਲਕਾਂ ਤੋਂ ਬਿੰਜਲ ਸੜਕ ਨੇੜੇ ਨੀਵੀਂ ਹੈ ਪਰ ਹੁਣ ਬਰਸਾਤ ਸਮੇਂ ਸੜਕ ਦੀਆਂ ਪੁਲੀਆਂ ਅੱਗੇ ਕਿਸਾਨਾਂ ਨੇ ਵੱਟਾਂ ਮਾਰ ਦਿੱਤੀਆਂ ਹਨ ਜਿਸ ਕਰਨ ਬਾਰਸ਼ ਦਾ ਪਾਣੀ ਲੰਘਣਾ ਬੰਦ ਹੋ ਗਿਆ ਹੈ। ਇਸ ਕਾਰਨ ਕਿਸਾਨਾਂ ਦੀ ਝੋਨੇ ਦੀ ਕਾਫੀ ਫਸਲ ਪਾਣੀ ’ਚ ਡੁੱਬ ਗਈ ਹੈ। ਜਿਨ੍ਹਾਂ ਕਿਸਾਨਾਂ ਦੀ ਫਸਲ ਪਾਣੀ ’ਚ ਡੁੱਬੀ ਹੈ, ਉਨ੍ਹਾਂ ’ਚ ਬਾਬਾ ਪਵਨ ਗਿਰੀ ਦੇ 15 ਏਕੜ, ਰਾਮ ਈਸਰ ਦੇ 6 ਏਕੜ, ਮਹੀਪਾਲ ਰਾਮ ਦੇ 6 ਏਕੜ, ਬਿੱਟੂ ਦੇ 12 ਏਕੜ, ਦਿਸ਼ਾ ਗੁੱਜਰ ਦੇ 6 ਏਕੜ ਤੇ ਬੁਲਾ ਰਾਮ ਦੇ 5 ਏਕੜ ਝੋਨੇ ਦੇ ਖੇਤ ਸ਼ਾਮਲ ਹਨ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਦ ਪਈਆਂ ਪੁਲੀਆਂ ਖੁਲ੍ਹਵਾਈਆਂ ਜਾਣ। 

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ) ਦੋ ਦਿਨ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਮਾਲੇਰਕੋਟਲਾ ਸਬ ਡਵੀਜ਼ਨ ਦੇ ਪਿੰਡ ਰਾਣਵਾਂ, ਸਰੌਦ, ਬਾਲੇਵਾਲ, ਚੁਪਕਾ, ਖਾਨਪੁਰ ਦੇ ਬਹੁਤ ਸਾਰੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਣੀ ’ਚ ਡੁੱਬ ਗਈ ਹੈ। ਜੇ ਇੱਕ ਅੱਧਾ ਦਿਨ ਮੀਂਹ ਹੋਰ ਜਾਰੀ ਰਿਹਾ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋ ਸਕੀ ਤਾਂ ਇਨ੍ਹਾਂ ਪਿੰਡਾਂ ਦੇ ਦਰਜਨਾਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਮਰ ਜਾਵੇਗੀ ਤੇ ਇਨ੍ਹਾਂ ਕਿਸਾਨਾਂ ਨੂੰ ਦੁਬਾਰਾ ਝੋਨਾ ਲਾਉਣਾ ਪਵੇਗਾ। ਪਿੰਡ ਰਾਣਵਾਂ ਦੇ ਕਿਸਾਨ ਬੇਅੰਤ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਨਿਰਮਲ ਸਿੰਘ, ਕਰਮਜੀਤ ਸਿੰਘ, ਨਿਰਮਲ ਸਿੰਘ, ਸਰੌਦ ਦੇ  ਕਿਸਾਨ ਮਨਜਿੰਦਰ ਸਿੰਘ,ਬਾਲੇਵਾਲ ਦੇ ਕਰਮਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਕਾਰਨ ਪਰਵਾਸੀ ਮਜ਼ਦੂਰਾਂ ਦੀ ਘੱਟ ਆਮਦ ਹੋਣ ਕਰਨ ਕਰਕੇ ਕਿਸਾਨਾਂ ਨੂੰ ਐਤਕੀਂ ਪਹਿਲਾਂ ਹੀ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਭਾਅ ’ਤੇ ਝੋਨਾ ਲਵਾਉਣਾ ਪਿਆ ਹੈ। ਜੇ ਉਨ੍ਹਾਂ ਦੀ ਝੋਨੇ ਦੀ ਫ਼ਸਲ ਮਰ ਜਾਂਦੀ ਹੈ ਤਾਂ ਉਨ੍ਹਾਂ ਨੂੰ ਦੁਬਾਰਾ ਝੋਨਾ ਲਵਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਲਾਏ ਝੋਨੇ ’ਚ ਪਾਈ ਨਦੀਨਨਾਸ਼ਕ ਤੇ ਯੂਰੀਆ ਖਾਦ ਵੀ ਪਾਣੀ ਦੇ ਚੱਲਣ ਨਾਲ ਖੇਤਾਂ ’ਚੋਂ ਵਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਨੂੰ ਜਾਣ ਵਾਲੇ ਰਸਤੇ ਵੀ ਪਾਣੀ ਭਰਨ ਨਾਲ ਖੇਤਾਂ ’ਚੋਂ ਪਸ਼ੂਆਂ ਲਈ ਹਰਾ ਚਾਰਾ ਲਿਆਉਣਾ ਮੁਸ਼ਕਿਲ ਹੋ ਗਿਆ ਹੈ। ਉਧਰ, ਲਸਾੜਾ ਡਰੇਨ ਭਰ ਕੇ ਚੱਲ ਰਹੀ ਹੈ। 

ਲਹਿਰਾਗਾਗਾ (ਰਮੇਸ਼ ਭਾਰਦਵਾਜ) ਇਥੇ ਸਵੇਰੇ ਚਾਰ ਵਜੇ ਤੋਂ ਰੁਕ ਰੁੱਕ ਕੇ ਬਾਰਸ਼ ਹੋਣ ਕਰਕੇ ਪੂਰੇ ਇਲਾਕੇ ਨੂੰ ਜਲਥਲ ਕਰ ਦਿੱਤਾ ਹੈ। ਚੰਗੀ ਬਰਸਾਤ ਕਰਕੇ ਸ਼ਹਿਰ ਦੀਆਂ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ ਹੈ। ਟੁੱਟੀਆਂ ਸੜਕਾਂ ’ਚ ਪਾਣੀ ਖੜ੍ਹਨ ਕਰਕੇ ਲੰਘਣ ’ਚ ਔਖ ਹੋ ਰਹੀ ਹੈ। ਬਾਰਸ਼ ਕਰਕੇ ਸ਼ਹਿਰ ਦੇ ਬਿਜਲੀ ਸ਼ਿਕਾਇਤ ਘਰ ਤੇ ਲੋਕਾਂ ਦੇ ਘਰ ਚੋਣ ਲੱਗ ਪਏ ਹਨ। ਲਹਿਰਾਗਾਗਾ ਸ਼ਹਿਰ ਨੂੰ ਰੇਲਵੇ ਲਾਈਨ ਵਿੱਚਕਾਰੋਂ ਕੱਟਦੀ ਹੈ ਤੇ ਕੱਲ੍ਹ ਸਟੇਸ਼ਨ ਮਾਸਟਰ ਸੰਜੈ ਸੀਲ ਗੌਤਮ ਦੇ ਕਰੋਨਾ ਪਾਜ਼ੇਟਿਵਹੋਣ ਕਰਕੇ ਸਿਹਤ ਤੇ ਪੁਲੀਸ ਵਿਭਾਗ ਨੇ ਪੂਰੇ ਇਲਾਕੇ ਨੂੰ ਲੋਹੇ ਦੇ ਜੰਗਲੇ ਲਾ ਕੇ ਸੀਲ ਕਰ ਦਿੱਤਾ ਹੈ ਤੇ ਰੇਲਵੇ ਦੇ ਜ਼ਮੀਨਦੋਜ਼ ਪੁਲ ’ਚ ਕਈ ਫੁੱਟ ਪਾਣੀ ਭਰਨ ਕਰਕੇ ਲੋਕਾਂ ਨੂੰ ਆਉਣ ਜਾਣ ’ਚ ਦਿੱਕਤ ਹੋਈ। 

ਝੰਬੋ ਚੋਅ ਵਿੱਚ ਹੜ੍ਹ ਆਉਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਡੁੱਬੀਆਂ

ਪਾਤੜਾਂ (ਗੁਰਨਾਮ ਸਿੰਘ ਚੌਹਾਨ) ਬਾਰਿਸ਼ ਨਾਲ ਪਾਤੜਾਂ ਸ਼ਹਿਰ ਨਾਲੋਂ ਲੰਘਦੀ ਝੰਬੋ ਚੋਅ ’ਚ ਹੜ੍ਹ ਆਉਣ ਨਾਲ ਪਾਤੜਾਂ ਤੇ ਹੋਰ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਸੈਂਕੜੇ ਏਕੜ ਫ਼ਸਲਾਂ ਹੜ੍ਹ ਦੇ ਪਾਣੀ ਦੀ ਭੇਟ ਚੜ੍ਹ ਗਈਆਂ ਹਨ। ਟਿਊਬਵੈੱਲ ਪਾਣੀ ’ਚ ਡੁੱਬ ਗਏ ਹਨ। ਕਿਸਾਨਾਂ ਨੇ ਡਰੇਨ ’ਚ ਫਸੀ ਬੂਟੀ ਨੂੰ ਹੜ੍ਹ ਦਾ ਕਾਰਨ ਦੱਸਿਆ ਹੈ ਕਿ ਸਰਕਾਰ ਵੱਲੋਂ ਸਮੇਂ ਸਿਰ ਡਰੇਨ ਦੀ ਸਫ਼ਾਈ ਨਾ ਕਰਵਾਏ ਜਾਣ ਤੇ ਬੰਨ੍ਹਾਂ ਨੂੰ ਮਜ਼ਬੂਤ ਨਾ ਕੀਤੇ ਜਾਣ ਉਨ੍ਹਾਂ ਦੀਆਂ ਨੁਕਸਾਨੀਆਂ ਗਈਆਂ ਹਨ। ਪਿੰਡ ਦੁਗਾਲ ਦੇ ਕਿਸਾਨ ਅੰਗਰੇਜ਼ ਸਿੰਘ, ਪਾਤੜਾਂ ਦੇ ਕਿਸਾਨ ਦਰਸ਼ਨ ਸਿੰਘ ਨੇ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਹਰ ਸਾਲ ਝੰਬੋ ਚੋਅ ’ਚ ਆਉਂਦੇ ਹੜ੍ਹ ਨਾਲ ਉਨ੍ਹਾਂ ਦੀਆਂ ਫ਼ਸਲਾਂ ਹੜ੍ਹ ਦੀ ਭੇਟ ਚੜ੍ਹ ਜਾਂਦੀਆਂ ਹਨ। ਸਰਕਾਰ ਵੱਲੋਂ ਸਮੇਂ ਸਿਰ ਇਸ ਦੀ ਸਫ਼ਾਈ ਕੀਤੀ ਜਾਂਦੀ। ਲੋਕਾਂ ਵੱਲੋਂ ਨੀਵੇਂ ਪੁਲਾਂ ਨੂੰ ਉੱਚੇ ਚੁਕਣ ਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ ਜਾਂਦੀ ਹੈ। ਪ੍ਰਸ਼ਾਸਨ ਬਰਸਾਤਾਂ ਸਮੇਂ ਆ ਕੇ ਸਫ਼ਾਈ ਸ਼ੁਰੂ ਕਰਵਾ ਕੇ ਖਾਨਾਪੂਰਤੀ ਕਰਦਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਅਣਗਹਿਲੀ ਕਰਨ ਵਾਲੇ ਡਰੇਨ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਮਾਰੀਆਂ ਗਈਆਂ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਇਸੇ ਦੌਰਾਨ ਪਿੰਡ ਬਰਾਸ ਦੇ ਆਲੇ ਦੁਆਲੇ ਝੰਬੋ ਚੋਅ ਦੇ ਕਿਨਾਰੇ ਵੱਸਣ ਵਾਲੇ ਪਿੰਡ ਧੂਹੜ, ਦੁਗਾਲ, ਬੁਜਰਕ, ਖੇੜੀ ਨਗਾਈਆਂ ਤੇ ਸਿਹਾਲ ਆਦਿ ਪਿੰਡਾਂ ’ਚ ਇਸ 'ਝੰਬੋ ਚੋਅ' ਦੇ ਪਾਣੀ ਦੇ ਵਧਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਕੀਤਾ ਹੈ। ਪਿੰਡ ਅਰਨੇਟੂ, ਸਹਾਰਨਪੁਰ, ਝੀਲ,ਕਰਤਾਰਪੁਰ ਦੇ ਕਿਸਾਨਾਂ ਨੇ ਕਿਹਾ ਕਿ ਮੋਮੀਆਂ ਡਰੇਨ ਦੀ ਸਫਾਈ ਸਹੀ ਤਰੀਕੇ ਨਾਲ ਨਾ ਕੀਤੇ ਜਾਣ ਕਾਰਨ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨਹੀਂ ਹੋ ਸਕਿਆ। ਨਾਇਬ ਤਹਿਸੀਲਦਾਰ ਰਾਜਵਿੰਦਰ ਸਿੰਘ ਧਨੋਆ ਕਿਹਾ ਕੇ ਮਾਰੀਆਂ ਗਈਆਂ ਫਸਲਾਂ ਦੇ ਨੁਕਸਾਨ ਦੀ ਸਰਕਾਰ ਨੂੰ ਰਿਪੋਰਟ ਭੇਜ ਦਿਤੀ ਜਾਵੇਗੀ ਤੇ ਫਸੀ ਹੋਈ ਬੂਟੀ ਨੂੰ ਕਢਵਾਉਣ ਦਾ ਛੇਤੀ ਪ੍ਰਬੰਧ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All