ਘੱਗਰ ਚੜ੍ਹਨ ਕਾਰਨ ਸੈਂਕੜੇ ਏਕੜ ਫ਼ਸਲ ਡੁੱਬੀ : The Tribune India

ਘੱਗਰ ਚੜ੍ਹਨ ਕਾਰਨ ਸੈਂਕੜੇ ਏਕੜ ਫ਼ਸਲ ਡੁੱਬੀ

ਚਮਾਰੂ ਦੇ ਘਰਾਂ ਵਿੱਚ ਪਾਣੀ ਵੜਿਆ; ਘਰੇਲੂ ਸਾਮਾਨ ਨੁਕਸਾਨਿਆ

ਘੱਗਰ ਚੜ੍ਹਨ ਕਾਰਨ ਸੈਂਕੜੇ ਏਕੜ ਫ਼ਸਲ ਡੁੱਬੀ

ਘਨੌਰ ਇਲਾਕੇ ਵਿੱਚ ਦਰਿਆ ਦੇ ਪਾਣੀ ਵਿੱਚ ਡੁੱਬੀਆਂ ਫਸਲਾਂ।

ਬਹਾਦਰ ਸਿੰਘ ਮਰਦਾਂਪੁਰ

ਘਨੌਰ, 27 ਸਤੰਬਰ

ਇਲਾਕੇ ਵਿੱਚ ਲੰਘੇ ਦਿਨੀਂ ਹੋਈ ਬਾਰਸ਼ ਕਾਰਨ ਇਸ ਖੇਤਰ ਵਿੱਚੋਂ ਗੁਜ਼ਰਦੇ ਘੱਗਰ ਦਰਿਆ ਵਿੱਚ ਪਾਣੀ ਦਾ ਪੱੱਧਰ ਵਧਣ ਕਾਰਨ ਪਿੰਡ ਊਂਟਸਰ, ਜੰਡ ਮੰਘੌਲੀ, ਕਾਮੀਂ ਖੁਰਦ, ਸਮਸਪੁਰ, ਨਨਹੇੜੀ, ਚਮਾਰੂ, ਲ਼ਾਛੜੂ ਸਮੇਤ ਕਰੀਬ ਇੱਕ ਦਰਜਨ ਪਿੰਡਾਂ ਦੀਆਂ ਫਸਲਾਂ ਡੁੱਬ ਗਈਆਂ। ਇਸ ਦੇ ਨਾਲ ਹੀ ਹੜ੍ਹਾਂ ਦਾ ਪਾਣੀ ਪਿੰਡ ਚਮਾਰੂ ਦੇ ਘਰਾਂ ਵਿੱਚ ਜਾ ਵੜਿਆ। ਇਸ ਕਾਰਨ ਲੋਕਾਂ ਦਾ ਘਰੇਲੂ ਸਾਮਾਨ ਨੁਕਸਾਨਿਆ ਗਿਆ।

ਕੱਲ੍ਹ ਰਾਤ ਤੋਂ ਆਏ ਘੱਗਰ ਦੇ ਦਰਿਆ ਦੇ ਪਾਣੀ ਦਾ ਪੱਧਰ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਦੇ ਸਾਈਫਨ ਵਾਲੇ ਪੁਲ ਕੋਲ 14 ਫੁੱਟ ’ਤੇ ਵਹਿ ਰਿਹਾ ਹੈ ਜੋ ਖਤਰੇ ਦੇ ਨਿਸ਼ਾਨ ਤੋਂ ਕਰੀਬ ਦੋ ਫੁੱਟ ਹੇਠਾਂ ਹੈ। ਇਸ ਦੇ ਬਾਵਜੂਦ ਇਨ੍ਹਾਂ ਪਿੰਡਾਂ ਨੇੜੇ ਘੱਗਰ ਵਿੱਚ ਪਾੜ ਪੈਣ ਕਾਰਨ ਇਸ ਦੇ ਪਾਣੀ ਵਿੱਚ ਸੈਂਕੜੇ ਏਕੜ ਫਸਲਾਂ ਡੁੱਬ ਗਈਆਂ। ਪਿੰਡ ਚਮਾਰੂ ਦੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਹਰਪ੍ਰੀਤ ਸਿੰਘ ਤੇ ਊਂਟਸਰ ਦੇ ਸਰਪੰਚ ਬਲਕਾਰ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਕਾਰਨ ਪੱਕਣ ਕੰਢੇ ਪੁੱਜੀ ਝੋਨੇ ਦੀ ਫਸਲ ਨੂੰ ਵੱਡੇ ਪੱਧਰ ’ਤੇ ਨੁਕਸਾਨ ਪੁੱਜਿਆ ਹੈ। ਹੜ੍ਹਾਂ ਦੇ ਪਾਣੀ ਵਿੱਚ ਪਿੱਛੋਂ ਆਈ ਵੱਡੀ ਮਾਤਰਾ ਵਿੱਚ ਜੰਗਲੀ ਬੂਟੀ ਝੋਨੇ ਦੀ ਫਸਲ ਸਮੇਤ ਹੋਰਨਾਂ ਫਸਲਾਂ ਵਿੱਚ ਜਾ ਪੁੱਜੀ ਜਿਸ ਨਾਲ ਫਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਣਾ ਸੰਭਾਵਿਕ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸਾਰ ਨਹੀਂ ਲਈ।

ਪਿੰਡ ਚਮਾਰੂ ਦੀ ਗਲੀਆਂ ਵਿੱਚ ਘੁੰਮ ਰਿਹਾ ਘੱਗਰ ਦਰਿਆ ਦਾ ਪਾਣੀ।

ਹੜ੍ਹਾਂ ਦਾ ਪਾਣੀ ਚਮਾਰੂ ਅਤੇ ਜੰਡ ਮੰਘੌਲੀ ਦੀਆਂ ਸੜਕਾਂ ’ਤੇ ਘੁੰਮਣ ਕਾਰਨ ਪਿੰਡ ਬਪਰੌਰ ਤੋਂ ਘਨੌਰ ਵਾਇਆ ਲਾਛੜੂ, ਚਮਾਰੂ ਸੜਕ ’ਤੇ ਰਾਹਗੀਰਾਂ ਨੂੰ ਲੰਘਣਾ ਔਖਾ ਹੋ ਗਿਆ। ਇਨ੍ਹਾਂ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ ਕਿਸਾਨ ਆਗੂ ਧਰਮਪਾਲ ਸਿੰਘ ਸੀਲ, ਪਵਨ ਕੁਮਾਰ ਸੋਗਲਪੁਰ, ਕਿਰਪਾਲ ਸਿੰਘ ਬਹਾਵਲਪੁਰ, ਜਗਪਾਲ ਸਿੰਘ ਮੰਡੌਲੀ ਸਮੇਤ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹਾਂ ਕਾਰਨ ਨੁਕਸਾਨੀ ਗਈਆਂ ਫਸਲਾਂ ਦੀ ਵਿਸ਼ੇਸ਼ ਗਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਐੱਸ.ਡੀ.ਐੱਮ. (ਰਾਜਪੁਰਾ) ਡਾ. ਸੰਜੀਵ ਕੁਮਾਰ ਦਾ ਕਹਿਣਾ ਸੀ ਕਿ ਘਨੌਰ ਨੇੜਲੇ ਪਿੰਡਾਂ ਦੀਆਂ ਫਸਲਾਂ ਹੜ੍ਹਾਂ ਦੇ ਪਾਣੀ ਵਿੱਚ ਡੁੱਬਣ ਅਤੇ ਪਿੰਡ ਚਮਾਰੂ ਦੇ ਘਰਾਂ ਵਿੱਚ ਪਾਣੀ ਵੜਨ ਸਬੰਧੀ ਉਨ੍ਹਾਂ ਕੋਲ ਕੋਈ ਸੂਚਨਾ ਨਹੀਂ। ਹੁਣ ਉਹ ਮੌਕੇ ’ਤੇ ਜਾ ਕੇ ਜਾਇਜ਼ਾ ਲੈਣਗੇ ਜਾਂ ਮਾਲ ਵਿਭਾਗ ਦੇ ਅਧਿਕਾਰੀ ਨੂੰ ਭੇਜਣਗੇ।

ਡੀਸੀ ਨੇ ਨਦੀਆਂ ਦੇ ਵਧੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ

ਘੱਗਰ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ।

ਸਰਬਜੀਤ ਸਿੰਘ ਭੰਗੂ

ਪਟਿਆਲਾ, 27 ਸਤੰਬਰ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੀਂਹ ਕਾਰਨ ਘੱਗਰ ਅਤੇ ਹੋਰ ਨਦੀਆਂ ’ਚ ਵਧੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਨੇ ਧਰਮਹੇੜੀ ਡਰੇਨ, ਮਹਿਮੂਦਪੁਰ, ਪਿੰਡ ਜੱਲਾਖੇੜੀ ਆਦਿ ਇਲਾਕਿਆਂ ਦਾ ਦੌਰਾ ਕੀਤਾ ਅਤੇ ਪਿੰਡਾਂ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ। ਡੀਸੀ ਨੇ ਲੋਕਾਂ ਨੂੰ ਨਾ ਘਬਰਾਉਣ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੈਚਮੈਂਟ ਏਰੀਆ ਵਿੱਚ ਹੋਰ ਬਰਸਾਤ ਨਾ ਹੋਈ ਤਾਂ ਕੱਲ੍ਹ ਸਵੇਰ ਜਾਂ ਦੁਪਹਿਰ ਤੱਕ ਘੱਗਰ ਦਾ ਪਾਣੀ ਘਟਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਸਥਿਤੀ ਉੱਪਰ ਨਜ਼ਰ ਬਣਾਈ ਰੱਖਣ ਦੇ ਆਦੇਸ਼ ਦਿੱਤੇ। ਇਸ ਮੌਕੇ ਐੱਸ.ਡੀ.ਐੱਮ. ਡਾ. ਇਸਮਤ ਵਿਜੇ ਸਿੰਘ, ਐੱਸ.ਡੀ.ਐੱਮ. ਦੂਧਨ ਸਾਧਾਂ ਕਿਰਪਾਲ ਵੀਰ ਸਿੰਘ ਅਤੇ ਪਟਿਆਲਾ ਦੇ ਡੀਐੱਸਪੀ ਰੂਰਲ ਗੁਰਦੇਵ ਸਿੰਘ ਧਾਲ਼ੀਵਾਲ ਵੀ ਮੌਜੂਦ ਸਨ। ਫੇਰੀ ਮਗਰੋਂ ਪਟਿਆਲਾ ਸਥਿਤ ਆਪਣੇ ਦਫਤਰ ਪੁੱਜੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਚੌਕਸ ਹੈ ਅਤੇ ਹੜ੍ਹਾਂ ਵਰਗੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀਆਂ ਪੂਰੀਆਂ ਤਿਆਰੀਆਂ ਹਨ। ਉਨ੍ਹਾਂ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਮਨਦੀਪ ਸਿੰਘ ਬੈਂਸ ਨੂੰ ਇਲਾਕੇ ਦੇ ਲੋਕਾਂ ਸਮੇਤ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਰੱਖਣ ਦੇ ਲੋੜੀਂਦੇ ਨਿਰਦੇਸ਼ ਦਿੱਤੇ। ਉੱਧਰ ਡੀਐੱਸਪੀ ਗੁਰਦੇਵ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਭਾਵੇਂ ਪਾਣੀ ਸਬੰਧੀ ਮਾਮਲਾ ਡਰੇਨੇਜ ਅਤੇ ਹੋਰ ਵਿਭਾਗਾਂ ਦੇ ਅਧੀਨ ਆਉਂਦਾ ਹੈ, ਪਰ ਇਸ ਦੌਰਾਨ ਪੁਲੀਸ ਫੋਰਸ ਵੀ ਪੂਰੀ ਤਰ੍ਹਾਂ ਚੌਕਸ ਹੈ।

ਸਮਾਣਾ (ਸੁਭਾਸ਼ ਚੰਦਰ): ਘੱਗਰ ਵਿੱਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਸ ਦੇ ਮੱਦੇਨਜ਼ਰ ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੀਰਾਂਪੁਰ ਚੋਅ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ।

ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਸੀ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਨਾਲ ਲਗਦੇ ਰਾਜਾਂ ਹਿਮਾਚਲ, ਹਰਿਆਣਾ, ਯੂਪੀ ਆਦਿ ਵਿੱਚ ਵੀ ਭਾਰੀ ਮੀਂਹ ਪਿਆ ਹੈ ਜਿਸ ਕਾਰਨ ਬਰਸਾਤੀ ਨਦੀ ਨਾਲੇ ਤੇ ਘੱਗਰ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਪ੍ਰਸ਼ਾਸਨ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਪੁਖਤਾ ਪ੍ਰਬੰਧਾ ਤੋਂ ਇਲਾਵਾ ਮੁਲਾਜ਼ਮਾਂ ਦੀ 24 ਘੰਟੇ ਡਿਊਟੀ ਲਗਾਈ ਹੋਈ ਹੈ। ਇਸ ਮੌਕੇ ਪਿੰਡ ਧਰਮਹੇੜੀ ਦੀ ਕਿਸਾਨਾਂ ਨਿਸ਼ਾਨ ਸਿੰਘ, ਹਰਚਰਨ ਸਿੰਘ, ਹਰਪਾਲ ਸਿੰਘ, ਯਾਦਵਿੰਦਰ ਸਿੰਘ, ਹਰਦੀਪ ਸਿੰਘ, ਹਰਭਜਨ ਸਿੰਘ ਚੱਠਾ ਅਤੇ ਹਰਦਿਆਲ ਸਿੰਘ ਆਦਿ ਨੇ ਦੱਸਿਆ ਕਿ ਮੀਰਾਂਪੁਰ ਚੋਅ ਦੀ ਖੁਦਾਈ ਸਮੇਂ ਸਿਰ ਨਾ ਹੋਣ ਕਾਰਨ ਉਨ੍ਹਾਂ ਦੇ ਕਈ ਪਿੰਡਾਂ ਸੱਸੀ ਬਰਾਹਮਣਾ, ਸ਼ਸੀ ਥੇਹ, ਹਾਸ਼ਮਪੁਰ ਮਾਂਗਟਾ, ਧਰਮਹੇੜੀ ਆਦਿ ਪਿੰਡਾਂ ਵਿਚ ਕਰੀਬ ਤਿੰਨ ਸੌ ਏਕੜ ਰਕਬੇ ਵਿੱਚ ਖੜ੍ਹੀ ਜੀਰੀ ਵਿਚ ਪਾਣੀ ਭਰ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਸ਼ਹਿਰ

View All