ਪੰਜਾਬ ਦੇ ਸਮੂਹ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ, ਕੰਟਰੈਕਟ, ਆਊਟਸੋਰਸ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਵਿੱਚ ਇਥੇ ਰਜਿੰਦਰਾ ਹਸਪਤਾਲ ਤੇ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਨਰਸਿੰਗ, ਪੈਰਾਮੈਡੀਕਲ, ਕਲੈਕਰੀਕਲ ਤੇ ਹੋਰ ਸਬੰਧਤ ਸਟਾਫ਼ ਵੱਲੋਂ ਅੱਜ ਸਮੂਹਿਕ ਛੁੱਟੀ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਹਸਪਤਾਲ ਦਾ ਬਾਕੀ ਕੰਮਕਾਜ ਠੱਪ ਰੱਖਿਆ| ਦੋਵੇਂ ਹਸਪਤਾਲਾਂ ਵਿੱਚ ਓ ਪੀ ਡੀ ਸੇਵਾਵਾਂ ਠੱਪ ਰਹੀਆਂ | ਇਸ ਮੌਕੇ ਮੁਲਾਜ਼ਮਾਂ ਨੇ ਧਰਨਾ ਦੇਣ ਮਗਰੋਂ ਬਾਅਦ ‘ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਫਿਰ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਘਰ ਅੱਗੇ ਵੀ ਰੋਸ ਪ੍ਰਦਰਸ਼ਨ ਕੀਤੇ ਗਏ|
ਗੁਰੂ ਤੇਗ ਬਹਾਦਰ ਨਰਸਿੰਗ ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਕਰਮਜੀਤ ਕੌਰ ਔਲਖ, ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਦੇ ਪੈਟਰਨ ਜੁਝਾਰ ਸਿੰਘ ਮਾਨ ਦੀ ਅਗਵਾਈ ਹੇਠ ਮੁਜ਼ਾਹਰਾ ਕੀਤਾ ਗਿਆ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀੲਾੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਮੀਤ ਨੇ ਦੱਸਿਆ ਕਿ ਹੜਤਾਲ ‘ਚ ਕੱਚੇ, ਕੰਟਰੈਕਟ ਤੇ ਆਊਟਸੋਰਸ ਮੁਲਾਜ਼ਮਾਂ ਨੇ ਵੀ ਸ਼ਿਰਕਤ ਕੀਤੀ |
ਅਮਲੀਆਂ ਨੂੰ ਨਿਰਵਿਘਨ ਮਿਲੀਆਂ ਜੀਭ ਹੇਠਾਂ ਰੱਖਣ ਵਾਲੀਆਂ ਗੋਲੀਆਂ
ਮਾਲੇਰਕੋਟਲਾ (ਪੱਤਰ ਪ੍ਰੇਰਕ): ਮਹਾਂ ਹੜਤਾਲ ਕਾਰਨ ਅੱਜ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਓ ਪੀ ਡੀ ਸੇਵਾ ਮੁਕੰੰਮਲ ਬੰਦ ਰਹੀ ਪਰ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ’ਤੇ ਹੜਤਾਲ ਦਾ ਕੋਈ ਅਸਰ ਨਹੀਂ ਪਿਆ। ਕੇਂਦਰ ਤੋਂ ਅਮਲੀਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਜੀਭ ਹੇਠਾਂ ਰੱਖਣ ਵਾਲੀਆਂ ਗੋਲੀਆਂ (ਐਡਨੌਕ) ਦੀ ਸਪਲਾਈ ਨਿਰਵਿਘਨ ਜਾਰੀ ਰਹੀ। ਮਿਲੀ ਜਾਣਕਾਰੀ ਮੁਤਾਬਿਕ ਨਸ਼ਾ ਛੁਡਾਊ ਕੇਂਦਰ ’ਚ ਡਾਕਟਰ ਤੋਂ ਬਗੈਰ ਬਾਕੀ ਸਾਰਾ ਸਟਾਫ ਆਊਟਸੋਰਸ ਕਰਮਚਾਰੀ ਹਨ ਜਿਹੜੇ ਇਸ ਹੜਤਾਲ ਦਾ ਹਿੱਸਾ ਨਹੀਂ ਸਨ।

