ਤਨਖਾਹ ਨਾ ਮਿਲਣ ਵਿਰੁੱਧ ਹਸਪਤਾਲ ਮੁਲਾਜ਼ਮਾਂ ਵੱਲੋਂ ਰੈਲੀ

ਤਨਖਾਹ ਨਾ ਮਿਲਣ ਵਿਰੁੱਧ ਹਸਪਤਾਲ ਮੁਲਾਜ਼ਮਾਂ ਵੱਲੋਂ ਰੈਲੀ

ਮੁਲਾਜ਼ਮਾਂ ਨੂੰ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਰੈਲੀ ਕਰਦੇ ਹੋਏ ਰਾਜਿੰਦਰਾ ਹਸਪਤਾਲ ਦੇ ਮੁਲਾਜ਼ਮ।-ਫੋਟੋ: ਭੰਗੂ

ਖੇਤਰੀ ਪ੍ਰਤੀਨਿਧ

ਪਟਿਆਲਾ, 10 ਅਗਸਤ

ਅੱਜ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਦਰਜਾ ਚੌਥਾ ਕਰਮਚਾਰੀਆਂ ਆਊਟ ਸੋਰਸਿਜ ਕਰਮਚਾਰੀਆਂ ਨੂੰ ਤਿੰਨ ਤੋਂ ਪੰਜ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਮੁਲਾਜ਼ਮਾਂ ਨੇ ਅੱਜ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਗੌਰਮਿੰਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦਫ਼ਤਰ ਦੇ ਸਾਹਮਣੇ ਰੋਸ ਰੈਲੀ ਕੀਤੀ। ਇਨ੍ਹਾਂ ਰੈਲੀਆਂ ਦੀ ਅਗਵਾਈ ਕਰਦਿਆਂ, ਕਲਾਸ ਫੋਰਥ ਗੌਰਮਿੰਟ ਐਪਲਾਈਜ਼ ਯੂਨੀਅਨ ਦੇ ਬ੍ਰਾਂਚ ਪ੍ਰਧਾਨ ਰਾਮ ਕਿਸ਼ਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਸਮੁੱਚੇ ਕੱਚੇ ਅਤੇ ਪੱਕੇ ਕਰਮਚਾਰੀ ਵੀ ਹੋਰ ਮੈਡੀਕਲ ਅਤੇ ਦੂਜੇ ਅਮਲੇ ਦੀ ਤਰ੍ਹਾਂ ਹੀ ਮੂਹਰਲੀਆਂ ਸਫ਼ਾਂ ਵਿੱਚ ਰਹਿ ਕੇ ਲੜਾਈ ਲੜ ਰਹੇ ਹਨ ਪਰ ਹਸਪਤਾਲ ਪ੍ਰਸ਼ਾਸਨ ਇਹਨਾਂ ਕਰਮਚਾਰੀਆਂ ਨੂੰ ਸਮੇਂ ਸਿਰ ਤਨਖ਼ਾਹਾਂ ਵੀ ਨਹੀਂ ਦੇ ਰਿਹਾ, ਜੋ ਘੋਰ ਬੇਇਨਸਾਫ਼ੀ ਹੈ ਕਿਉਂਕਿ ਇੱਕ ਤਾਂ ਪਹਿਲਾਂ ਹੀ ਇਨ੍ਹਾਂ ਦੀਆਂ ਤਨਖ਼ਾਹਾਂ ਨਿਗੂਣੀਆਂ ਹਨ, ਉਪਰੋਂ ਉਹ ਵੀ ਸਮੇਂ ਸਿਰ ਨਹੀਂ ਮਿਲਦੀਆਂ। ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਹਾਂਮਾਰੀ ਦੇ ਇਸ ਦੌਰ ਵਿਚ ਇਸ ਕਦਰ ਪੰਜ ਪੰਜ ਮਹੀਨੇ ਤਨਖਾਹ ਤੋਂ ਵਿਰਵੇ ਰਹਿਣਾ ਬਹੁਤ ਹੀ ਔਖਾ ਕੰਮ ਹੈ। ਇਸ ਲਈ ਹਸਪਤਾਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਕਾਮਿਆਂ ਦੀਆਂ ਤਨਖ਼ਾਹਾਂ ਫੌਰੀ ਤੌਰ ’ਤੇ ਰਿਲੀਜ਼ ਕਰਵਾਈਆਂ ਜਾਣ। ਪ੍ਰਧਾਨ ਰਾਮ ਕਿਸ਼ਨ ਨੇ ਐਲਾਨ ਕੀਤਾ ਕਿ ਜੇ ਸਮੁੱਚੇ ਕਰਮਚਾਰੀਆਂ ਨੂੰ 15 ਅਗਸਤ ਤੱਕ ਤਨਖ਼ਾਹਾਂ ਜਾਰੀ ਨਾ ਕੀਤੀਆਂ ਗਈਆਂ, ਨਹੀਂ ਤਾਂ 18 ਅਗਸਤ ਤੋਂ ਹਸਪਤਾਲ ਦੇ ਸਮੁੱਚੇ ਚੌਥਾ ਦਰਜਾ ਕਰਮਚਾਰੀ ਹੜਤਾਲ ’ਤੇ ਚਲੇ ਜਾਣਗੇ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਬੰਗਾ ਨੇ ਵੀ ਇਨ੍ਹਾਂ ਕਰਮਚਾਰੀਆਂ ਨੂੰ ਤਨਖ਼ਾਹਾਂ ਨਾ ਦੇਣ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਜੇ ਇਨ੍ਹਾਂ ਮੁਲਾਜਮਾ ਦੀਆਂ ਤਨਖ਼ਾਹਾਂ ਨਾ ਜਾਰੀ ਕੀਤੀਆਂ ਗਈਆਂ, ਤਾਂ ਮੁਲਾਜ਼ਮ ਵਰਗ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗਾ। ਇਸ ਮੌਕੇ ਨਰਿੰਦਰ ਕੁਮਾਰ,ਰਜਿੰਦਰ ਕੁਮਾਰ, ਅਜੈ ਕੁਮਾਰ ਸੀਪਾ ਆਦਿ ਵੀ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All