ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 11 ਅਗਸਤ
ਸਕੂਲ ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿਚ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਦੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਪਟਿਆਲਾ ਹਰਿੰਦਰ ਕੌਰ ਨੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮਾਪਿਆਂ ਦੀ ਹਾਜ਼ਰੀ ’ਚ ਆਰਟਸ, ਸਾਇੰਸ, ਵੋਕੇਸ਼ਨਲ ਤੇ ਕਾਮਰਸ ’ਚ ਮੋਹਰੀ ਰਹੇ ਸਿਖਰਲੇ-5-5 (ਕੁੱਲ 21) ਵਿਦਿਆਰਥੀਆਂ ਦਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਵਿਚ ਸਨਮਾਨ ਕੀਤਾ।
ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਹਰਿੰਦਰ ਕੌਰ ਨੇ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ਨੇ ਹਰ ਖੇਤਰ ’ਚ ਬਹੁਤ ਤਰੱਕੀ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਪੜ੍ਹਾਈ ’ਚ ਵੀ ਗੁਣਵੱਤਾ ਆਈ ਹੈ ਅਤੇ ਨਤੀਜੇ ਸ਼ਾਨਦਾਰ ਆ ਰਹੇ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਮੋਹਰੀ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤੇ ਜਾਣੇ ਹਨ, ਉੱਥੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੋਬਾਈਲ ਵੀ ਦਿੱਤੇ ਜਾਣੇ ਹਨ।
ਸਮਾਗਮ ਦੌਰਾਨ ਆਰਟਸ, ਸਾਇੰਸ, ਵੋਕੇਸ਼ਨਲ ਤੇ ਕਾਮਰਸ ਦੇ ਜ਼ਿਲ੍ਹੇ ’ਚੋਂ ਸਿਖਰਲੇ 5-5 ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਨਮਾਨ ਹਸਲ ਕਰਨ ਵਾਲੇ ਵਿਦਿਆਰਥੀਆਂ ’ਚ ਤਰਨਵੀਰ ਸਿੰਘ ਸਨੌਰ, ਅਰਸ਼ਦੀਪ ਕੌਰ ਉਕਸੀ ਸੈਣੀਆਂ, ਆਸ਼ਾ ਦੇਵੀ ਤੇਈਪੁਰ, ਹਰਜੀਤ ਕੌਰ ਮਹਿੰਦਰਗੰਜ਼ ਰਾਜਪੁਰਾ, ਸਵੀਨ ਰਾਜਪੁਰਾ ਟਾਊਨ, ਅੰਸ਼ਿਤਾ ਜਿੰਦਲ, ਸ਼ਗੁਨਪ੍ਰੀਤ ਕੌਰ, ਦਿਵਿਆ, ਲਵੀਨਾ (ਚਾਰੇ ਸਿਵਲ ਲਾਈਨਜ਼ ਪਟਿਆਲਾ), ਪ੍ਰਭਜੋਤ ਕੌਰ ਆਲੋਵਾਲ, ਫਨਿਕਾ ਮਲਟੀਪਰਪਜ਼ ਪਾਸੀ ਰੋਡ, ਸਤਵਿੰਦਰ ਕੌਰ ਲੰਗ, ਜਸਮੀਨ ਸ਼ਰਮਾ ਕਲਿਆਣ, ਮਨਜੋਤ ਕੌਰ ਸਿਉਣਾ, ਕਵਨਜੋਤ ਕੌਰ ਸਮਾਣਾ, ਸਤਿੰਦਰ ਸਿੰਘ ਬਾਰਨ, ਸਵਰਨਜੀਤ ਕੌਰ ਬਾਰਨ ਤੇ ਸ਼ਗਨਪ੍ਰੀਤ ਕੌਰ ਬੀਬੀਪੁਰ ਸ਼ਾਮਲ ਸਨ।
ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਵਰਿੰਦਰਜੀਤ ਬਾਤਿਸ਼ ਨੇ ਮਹਿਮਾਨਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਸਵਾਗਤ ਕੀਤਾ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ (ਐਲੀ.) ਸੁਖਵਿੰਦਰ ਖੋਸਲਾ, ਤੋਤਾ ਸਿੰਘ ਚਹਿਲ, ਜਸਵੀਰ ਕੌਰ, ਵਰਿੰਦਰਜੀਤ ਬਾਤਿਸ਼, ਮਨਜਿੰਦਰ ਕੌਰ ਬਾਰਨ, ਰਮਨਜੀਤ ਕੌਰ, ਕੁਲਜੀਤ ਕੌਰ ਆਦਿ ਹਾਜ਼ਰ ਸਨ।