ਵਿਰਾਸਤੀ ਰਾਜਿੰਦਰਾ ਝੀਲ ਦਸ ਸਾਲਾਂ ਤੋਂ ਪਾਣੀ ਨੂੰ ਤਰਸੀ
ਵੱਖ-ਵੱਖ ਸਰਕਾਰਾਂ ਵੱਲੋਂ ਹੁਣ ਤੱਕ ਦਸ ਕਰੋੜ ਤੋਂ ਵੱਧ ਰੁਪਏ ਖ਼ਰਚਣ ਦੇ ਬਾਵਜੂਦ ਕਿਸ਼ਤੀਆਂ ਨਾ ਮਿਲੀਆਂ
ਪਟਿਆਲਾ ਵਿੱਚ 141 ਸਾਲ ਪਹਿਲਾਂ ਬਣੀ ਵਿਰਾਸਤੀ ਰਾਜਿੰਦਰਾ ਝੀਲ ਨੂੰ ਦਸਸਾਲਾਂ ਤੋਂ ਪਾਣੀ ਨਸੀਬ ਨਹੀਂ ਹੋਇਆ। ਇਸ ’ਤੇ ਹੁਣ ਤੱਕ ਵੱਖ-ਵੱਖ ਸਰਕਾਰਾਂ ਵੱਲੋਂ 10 ਕਰੋੜ ਰੁਪਏ ਤੋਂ ਵੱਧ ਖਰਚਾ ਕੀਤਾ ਜਾ ਚੁੱਕਾ ਹੈ। ਹੁਣ ਵੀ ਇਸ ਝੀਲ ਵਿੱਚ ਪਾਣੀ ਦੀ ਕੋਈ ਆਸ ਨਹੀਂ ਲੱਗ ਰਹੀ। ਬੇਸ਼ੱਕ, ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਹੈ ਕਿ ਬਹੁਤ ਜਲਦ ਉਹ ਝੀਲ ਨੂੰ ਸੈਲਾਨੀਆਂ ਲਈ ਖ਼ੂਬਸੂਰਤ ਬਣਾ ਦਿਆਂਗੇ। ਜ਼ਿਕਰਯੋਗ ਹੈ ਕਿ 22 ਜੁਲਾਈ 2017 ਨੂੰ ਪੰਜਾਬ ਦੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਾਜਿੰਦਰਾ ਝੀਲ ਦਾ ਨਵੀਨੀਕਰਨ ਕਰਨ ਲਈ 4 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕਰ ਕੇ ਸ਼ੁਰੂਆਤ ਕੀਤੀ ਸੀ। ਦੂਜੇ ਪਾਸੇ, ਸਾਬਕਾ ਸੰਸਦ ਮੈਂਬਰ ਬੀਬੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਪਟਿਆਲਾ ਦੀ ਇਤਿਹਾਸਕ ਵਿਰਾਸਤੀ ਰਾਜਿੰਦਰਾ ਝੀਲ ਜੋ 1885 ਈਸਵੀ ਵਿੱਚ ਬਣਾਈ ਗਈ ਸੀ ਜਿਸ ਦਾ ਨਾਮ ਮਹਾਰਾਜਾ ਰਾਜਿੰਦਰ ਸਿੰਘ ਦੇ ਨਾਮ ’ਤੇ ਰੱਖਿਆ ਗਿਆ ਸੀ, ਜਿਸ ਦੀ ਮੁਰੰਮਤ, ਨਵੀਨੀਕਰਨ ਅਤੇ ਸੁੰਦਰੀਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 5.04 ਕਰੋੜ ਰੁਪਏ ਮਨਜ਼ੂਰ ਕੀਤੇ ਸਨ ਪਰ ਹੁਣ ਤੱਕ ਇਸ ਝੀਲ ਦੀ ਹੋਣੀ ਨਹੀਂ ਬਦਲੀ। ਇਤਿਹਾਸਕ ਤੱਥਾਂ ਅਨੁਸਾਰ 1885 ਈਸਵੀ ਵਿੱਚ ਬਣੀ ਇਸ ਝੀਲ ਵਿੱਚ ਜਹਾਜ਼ਨੁਮਾ ਕੋਠੀ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਬ੍ਰਿਟੇਨ ਦੇ ਜਾਰਜ ਪੰਚਮ (1910 ਤੋਂ 1936) ਲਈ ਬਣਾਈ ਸੀ। ਜਾਰਜ ਪੰਚਮ ਨੂੰ ਅਜਿਹੀ ਬਿਮਾਰੀ ਹੋਈ ਸੀ ਜਿਸ ਲਈ ਉਸ ਨੂੰ ਸਿੱਲ੍ਹੇ ਮੌਸਮ ਵਿੱਚ ਰਹਿਣਾ ਸੀ ਤਾਂ ਮਹਾਰਾਜਾ ਭੁਪਿੰਦਰ ਸਿੰਘ ਨੇ ਉਸ ਲਈ ਇਸ ਝੀਲ ਵਿੱਚ ਜਹਾਜ਼ਨੁਮਾ ਕੋਠੀ ਬਣਾਈ ਸੀ, ਜਿਸ ਦੀ ਮੌਤ ਤੋਂ ਬਾਅਦ ਉਸੇ ਥਾਂ ’ਤੇ ਜਾਰਜ ਪੰਚਮ ਦਾ ਬੁੱਤ ਲਗਾ ਦਿੱਤਾ ਗਿਆ ਸੀ ਜਿੱਥੇ ਹੁਣ ਮਹਾਤਮਾ ਗਾਂਧੀ ਦਾ ਬੁੱਤ ਲੱਗਾ ਹੈ। ਝੀਲ ਦੇ ਸੁੰਦਰੀਕਰਨ ਦੇ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੇ ਦਾਅਵੇ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਿੰਮੇਵਾਰੀ ਡਰੇਨੇਜ਼ ਅਤੇ ਮੱਛੀ ਪਾਲਣ ਵਿਭਾਗ ਨੂੰ ਸੌਂਪੀ ਗਈ ਸੀ। ਭਾਖੜਾ ਮੇਨ ਲਾਈਨ ਤੋਂ ਸ੍ਰੀ ਕਾਲੀ ਦੇਵੀ ਮੰਦਰ ਤੱਕ 6 ਕਿਲੋਮੀਟਰ 1.5 ਫੁੱਟ ਪਾਈਪ ਲਾਈਨ ਵਿਛਾਈ ਜਾਵੇਗੀ, ਜਿਸ ਨਾਲ ਝੀਲ ਵਿੱਚ ਵੀ ਪਾਣੀ ਪਾਇਆ ਜਾਵੇਗਾ। ਇਸ ’ਤੇ ਲਗਪਗ 50 ਲੱਖ ਰੁਪਏ ਖ਼ਰਚ ਹੋਣਗੇ। ਪਟਿਆਲਾ ਵਾਸੀਆਂ ਨੂੰ ਨਵ-ਨਿਯੁਕਤ ਡੀ ਸੀ ਵਰਜੀਤ ਵਾਲੀਆ ਵੱਲੋਂ ਕੀਤੇ ਦਾਅਵੇ ’ਤੇ ਉਮੀਦ ਹੈ।
ਜਲਦੀ ਹੀ ਸੈਲਾਨੀਆਂ ਨੂੰ ਚੰਗਾ ਸੁਨੇਹਾ ਦੇਵਾਂਗੇ: ਡੀ ਸੀ
ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਇਹ ਪ੍ਰਾਜੈਕਟ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਹੀ ਉਹ ਸੈਲਾਨੀਆਂ ਲਈ ਚੰਗਾ ਸੁਨੇਹਾ ਲੈ ਕੇ ਆਉਣਗੇ।

