ਜੈਸਮੀਨ ਭਾਰਦਵਾਜ
ਨਾਭਾ, 29 ਅਗਸਤ
ਨੇੜਲੇ ਪਿੰਡ ਪਹਾੜਪੁਰ ਦੇ ਇੱਕ ਪਰਿਵਾਰ ਵੱਲੋਂ ਰਿਸ਼ਤੇ ਤੋਂ ਇਨਕਾਰ ਕਰਨ ’ਤੇ ਪਾਤੜਾਂ ਨਿਵਾਸੀ ਕਰਮਜੀਤ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਇਸ ਪਿੱਛੋਂ ਪੁਲੀਸ ਨੇ ਮ੍ਰਿਤਕ ਦੀ ਮੰਗੇਤਰ, ਉਸ ਦੀ ਮਾਤਾ, ਚਾਚਾ, ਚਾਚੀ ਸਮੇਤ ਪੂਰੇ ਪਰਿਵਾਰ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੀ ਧਾਰਾ ਹੇਠ ਕੇਸ ਦਰਜ ਕੀਤਾ। ਐਫਆਈਆਰ ਮੁਤਾਬਕ ਲੜਕੀ ਦੇ ਪਰਿਵਾਰ ਵੱਲੋਂ ਇਨਕਾਰ ਕਰਨ ’ਤੇ ਲੜਕੇ ਨੇ ਘਰ ਜਾਂਦੇ ਸਮੇਂ ਰਸਤੇ ਵਿੱਚ ਜ਼ਹਿਰੀਲੀ ਚੀਜ਼ ਖਾ ਲਈ ਤੇ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਲੜਕੀ ਦੇ ਪਰਿਵਾਰ ਮੁਤਾਬਕ ਤਿੰਨ ਸਾਲ ਪਹਿਲਾਂ ਇਹ ਰਿਸ਼ਤਾ ਪੱਕਾ ਹੋਇਆ ਸੀ ਪਰ ਉਸ ਸਮੇਂ ਲੜਕੀ ਪੜ੍ਹ ਰਹੀ ਸੀ ਤੇ ਰਿਸ਼ਤਾ ਕਰਦੇ ਸਮੇਂ ਹੀ ਵਿਆਹ ਲਈ ਪੰਜ ਸਾਲ ਦਾ ਸਮਾਂ ਮੰਗਿਆ ਗਿਆ ਸੀ ਪਰ ਮੁੰਡੇ ਵਾਲਿਆਂ ਵੱਲੋਂ ਵਿਆਹ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ। ਲੜਕੀ ਦੀ ਉਮਰ ਘੱਟ ਹੋਣ ਕਾਰਨ ਉਨ੍ਹਾਂ ਮਨ੍ਹਾਂ ਕਰ ਦਿੱਤਾ ਤੇ ਇਹ ਰਿਸ਼ਤਾ ਟੁੱਟ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮਝੌਤਾ ਵੀ ਥਾਣੇ ਵਿੱਚ ਹੋਇਆ ਸੀ ਤੇ ਉਸ ਸਮਝੌਤੇ ਦੀ ਕਾਪੀ ਵੀ ਉਨ੍ਹਾਂ ਕੋਲ ਮੌਜੂਦ ਹੈ। ਇਸ ਸਬੰਧੀ ਜਦੋਂ ਸਦਰ ਥਾਣਾ ਮੁਖੀ ਗੁਰਪ੍ਰੀਤ ਸਿੰਘ ਭਿੰਡਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਅਨੁਸਾਰ ਇੱਕ ਵਾਰੀ ਕੇਸ ਦਰਜ ਕਰਨਾ ਲਾਜ਼ਮੀ ਸੀ, ਅੱਗੇ ਤਫਤੀਸ਼ ਮੁਤਾਬਕ ਰਿਪੋਰਟ ਅਦਾਲਤ ਵਿੱਚ ਦਰਜ ਕੀਤੀ ਜਾਵੇਗੀ।