ਸਿਹਤ ਮੰਤਰੀ ਵੱਲੋਂ ਮਾਡਲ ਟਾਊਨ ਡਰੇਨ ਦਾ ਦੌਰਾ
ਪੱਤਰ ਪ੍ਰੇਰਕ
ਪਟਿਆਲਾ, 7 ਜੁਲਾਈ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮਾਡਲ ਟਾਊਨ ਡਰੇਨ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਇਸ ਖੇਤਰ ਦੀ ਟਰੈਫ਼ਿਕ ਸਮੱਸਿਆ ਹੱਲ ਕਰਨ ਲਈ ਭਾਦਸੋਂ ਰੋਡ ਟਿਵਾਣਾ ਚੌਕ ਤੋਂ ਦੀਪ ਅਤੇ ਵਿਕਾਸ ਨਗਰ ਵਿੱਚ ਸੋਮਵਾਰ ਦੀ ਮੰਡੀ ਤੱਕ ਡਰੇਨ ਦੇ ਨਾਲ ਦੋ ਪਹੀਆਂ ਤੇ ਹਲਕੇ ਵਾਹਨ ਚਲਾਉਣ ਲਈ ਸਬੰਧਤ ਵਿਭਾਗਾਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਡਰੇਨ ’ਤੇ ਬਣੀਆਂ ਬਰਸਾਤੀ ਪਾਣੀ ਦੀਆਂ ਹੌਦੀਆਂ ਦੀ ਸਫ਼ਾਈ ਤੇ ਆਲੇ-ਦੁਆਲੇ ਗਰਿੱਲ ਲਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਡੇਅਰੀ ਮਾਲਕਾਂ ਨੂੰ ਮਾਡਲ ਟਾਊਨ ਡਰੇਨ ਵਿੱਚ ਗੋਹਾ-ਕੂੜਾ ਨਾ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਏਡੀਸੀ ਨਵਰੀਤ ਕੌਰ ਸੇਖੋਂ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਲਗਭਗ ਦੋ ਸਾਲ ਪਹਿਲਾ 25.60 ਕਰੋੜ ਰੁਪਏ ਦੀ ਲਾਗਤ ਨਾਲ ਮਾਡਲ ਟਾਊਨ ਡਰੇਨ ਨੂੰ ਕਵਰ ਕੀਤਾ ਗਿਆ ਸੀ, ਜਿਸ ਨਾਲ ਇਸ ਖੇਤਰ ਦੀ ਨੁਹਾਰ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਭਾਦਸੋਂ ਰੋਡ ਦੇ ਦਰਜਨਾਂ ਕਲੋਨੀਆਂ ਸਮੇਤ ਸਿਊਣਾ ਤੇ ਹੋਰ ਪਿੰਡਾਂ ਨੂੰ ਰਸਤਾ ਜਾਣ ਕਰਕੇ ਟਿਵਾਣਾ ਚੌਕ ’ਤੇ ਸਵੇਰ ਤੇ ਸ਼ਾਮ ਸਮੇਂ ਟਰੈਫ਼ਿਕ ਦੀ ਵੱਡੀ ਸਮੱਸਿਆ ਰਹਿੰਦੀ ਹੈ ਜਿਸ ਨੂੰ ਹੱਲ ਕਰਨ ਲਈ ਟਿਵਾਣਾ ਚੌਕ ਤੋਂ ਸੋਮਵਾਰ ਦੀ ਮੰਡੀ ਤੱਕ ਡਰੇਨ ’ਤੇ ਦੋ ਪਹੀਆਂ ਤੇ ਹਲਕੇ ਵਾਹਨ ਚਲਾਉਣ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਪਿਊਸ਼ ਅਗਰਵਾਲ, ਨਿਗਮ ਦੇ ਐੱਸ.ਈ. ਗੁਰਪ੍ਰੀਤ ਸਿੰਘ ਵਾਲੀਆ ਆਦਿ ਹਾਜ਼ਰ ਸਨ।