Haryana CM: ਭਾਜਪਾ ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜੇਗੀ: ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਹਡਾਣਾ ਪੁੱਜੇ; ਕਾਰਗਿਲ ਦੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ
ਕਾਰਗਿਲ ਦੇ ਸ਼ਹੀਦ ਨਾਇਕ ਮਲਕੀਤ ਸਿੰਘ ਦੀ 26ਵੀਂ ਸਾਲਾਨਾ ਬਰਸੀ ਅੱਜ ਪਿੰਡ ਹਡਾਣਾ ਵਿੱਚ ਕਾਰਗਿਲ ਵੈਲਫੇਅਰ ਸੁਸਾਇਟੀ ਅਤੇ ਨੂਨਗਰ ਸਮਾਜ ਪੰਜਾਬ, ਸਮਾਜ ਸੇਵੀ ਅਮਰਜੀਤ ਸਿੰਘ ਜਾਗਦੇ ਰਹੋ ਅਤੇ ਸ਼ਹੀਦ ਦੇ ਭਰਾ ਗੁਰਮੀਤ ਸਿੰਘ ਹਡਾਣਾ ਦੀ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਹੀਦ ਨਾਇਕ ਮਲਕੀਤ ਸਿੰਘ ਦੇ ਬੁੱਤ ’ਤੇ ਸ਼ਰਧਾ ਦੇ ਫੁਲ ਭੇਟ ਕੀਤੇ। ਇਸ ਮੌਕੇ ਸ੍ਰੀ ਸੈਣੀ ਨੇ ਪੰਜਾਬ ’ਚ ਬਿਜਲੀ ਦੀ ਨਾਕਸ ਸਪਲਾਈ ਦੀ ਗੱਲ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਬਿਜਲੀ ਦੀ ਕੋਈ ਕਮੀਂ ਨਹੀਂ ਹੈ ਅਤੇ ਪੰਜਾਬ ਵਿੱਚ ਬਿਜਲੀ ਦੇ ਬਹੁਤ ਲੰਬੇ ਲੰਬੇ ਕੱਟ ਲੱਗ ਰਹੇ ਹਨ ਜਿਸ ਕਾਰਨ ਕਿਸਾਨ ਅਤੇ ਵਪਾਰੀ ਵਰਗ ਬੜੇ ਦੁਖੀ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸਨ, ਉਹ ਸਾਰੇ ਝੂਠੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 117 ਸੀਟਾਂ ’ਤੇ ਇਕੱਲਿਆਂ ਚੋਣਾਂ ਲੜੇਗੀ। ਇਸ ਮੌਕੇ ਉਨ੍ਹਾਂ ਸ਼ਹੀਦ ਦੀ ਸਮਾਰਕ ਲਈ 11 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸ਼ਹੀਦ ਦੀ ਪਤਨੀ ਕਰਮਜੀਤ ਕੌਰ, ਪੁੱਤਰ ਮਨਿੰਦਰ ਸਿੰਘ ਅਤੇ ਭਰਾ ਗੁਰਮੀਤ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਿਲਾ ਪ੍ਰਧਾਨ ਜਸਪਾਲ ਸਿੰਘ ਭੰਗੂ, ਸਤਪਾਲ ਸਿੰਘ ਪੂਨੀਆਂ, ਅਮਰਜੀਤ ਸਿੰਘ ਜਾਗਦੇ ਰਹੋ, ਗੁਰਮੀਤ ਸਿੰਘ ਹਡਾਣਾ, ਹਰਦੀਪ ਸਿੰਘ ਸਨੌਰ, ਰਮੇਸ਼ ਲਾਂਬਾ, ਵਰਿੰਦਰ ਸਿੰਘ ਵਿਸਕੀ, ਕ੍ਰਿਸ਼ਨ ਕੁਮਾਰ ਭਾਰਤੀ ਦਿੱਲੀ, ਕਮਲਜੀਤ ਸਿੰਘ ਪੱਛਮੀ ਬੰਗਾਲ, ਲਖਮੀਰ ਸਿੰਘ ਸਲੋਟ ਹਾਜ਼ਰ ਸਨ।
ਸੈਣੀ ਵੱਲੋਂ ਇੰਦਰਜੀਤ ਕੌਰ ਹੈਰੀ ਨੂੰ ਸ਼ਰਧਾਂਜਲੀ ਭੇਟ
ਪਟਿਆਲਾ (ਰਵੇਲ ਸਿੰਘ ਭਿੰਡਰ): ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਡਾ. ਜਗਜੀਤ ਸਿੰਘ ਦਰਦੀ ਦੀ ਭੈਣ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਓ ਐੱਸ ਡੀ ਡਾ. ਪ੍ਰਭਲੀਨ ਸਿੰਘ ਦੇ ਮਾਤਾ ਸ੍ਰੀਮਤੀ ਇੰਦਰਜੀਤ ਕੌਰ ਹੈਰੀ ਦੀ ਅੱਜ ਇਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿੱਚ ਅੰਤਿਮ ਅਰਦਾਸ ਹੋਈ | ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਸਾਨੂੰ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਆਪਣੇ ਬਜ਼ੁਰਗਾਂ ਵਿੱਚ ਹੀ ਰੱਬ ਮਿਲਦਾ ਹੈ| ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ, ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਝੀਂਡਾ, ਕਿਰਪਾਲ ਸਿੰਘ ਬੰਡੂਗਰ, ਹਰਪ੍ਰੀਤ ਸਿੰਘ ਦਰਦੀ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਤਰਲੋਚਨ ਸਿੰਘ ਦਿੱਲੀ, ਸਾਬਕਾ ਵੀ ਸੀ ਡਾ. ਜਸਪਾਲ ਸਿੰਘ, ਮਨਜੀਤ ਸਿੰਘ ਜੀ ਕੇ ਆਦਿ ਹਾਜ਼ਰ ਸਨ।

