ਦਰਜਾ ਚਾਰ ਕਰਮਚਾਰੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਰੈਲੀ
ਸੰਗਰੂਰ, 25 ਜਨਵਰੀ
ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਸਥਾਨਕ ਡੀਸੀ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ। ਰੈਲੀ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ ਨੇ ਕੀਤੀ। ਇਸ ਮੌਕੇ ਮੁਲਾਜ਼ਮਾਂ ਨੇ ਭੁੱਖ ਹੜਤਾਲ ਸ਼ੁਰੂ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਮੌਕੇ ਪੁੱਜ ਰਹੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੰਗ ਪੱਤਰ ਦਿਵਾਉਣ ਦੇ ਦਿੱਤੇ ਭਰੋਸੇ ਮਗਰੋਂ ਭੁੱਖ ਹੜਤਾਲ ਮੁਲਤਵੀ ਕਰ ਦਿੱਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਚੋਣਾਂ ਮੌਕੇ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ ਜਿਸ ਕਾਰਨ ਮੁਲਾਜ਼ਮ ਵਰਗ ਵਿਚ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਕੱਚੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ, ਦਰਜਾ ਚਾਰ ਕਰਮਚਾਰੀਆਂ ਦੀਆਂ ਖਤਮ ਕੀਤੀਆਂ ਪੋਸਟਾਂ ਤੁਰੰਤ ਬਹਾਲ ਕਰਕੇ ਦਰਜਾ ਚਾਰ ਦੀ ਰੈਗੂਲਰ ਭਰਤੀ ਕੀਤੀ ਜਾਵੇ, ਰੈਗੂਲਰ ਐਕਟ 2016 ਲਾਗੂ ਕੀਤਾ ਜਾਵੇ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ, ਡੀ.ਏ.ਦੀਆਂ ਰਹਿੰਦੀਆਂ ਕਿਸਤਾਂ ਤੁਰੰਤ ਜਾਰੀ ਕੀਤੀਆਂ ਜਾਣ, ਡੀਏ ਅਤੇ ਪੇ ਕਮਿਸ਼ਨ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਪੈਨਸਨਾਂ ਤੇ 2.9 ਦਾ ਗੁਣਾਕ ਲਾਗੂ ਕੀਤਾ ਜਾਵੇ, ਬੰਦ ਕੀਤੇ 37 ਭੱਤੇ ਬਹਾਲ ਕੀਤੇ ਜਾਣ, ਆਂਗੜਵਾਣੀ, ਮਿਡ ਡੇ ਮੀਲ, ਪਾਰਟ ਟਾਈਮ, ਡੇਲੀਵੇਜ ਵਰਕ ਚਾਰਜ ਸਕੀਮ ਵਰਕਰ ਨੂੰ ਘੱਟੋ ਘੱਟ 26000/- ਰੁਪਏ ਤਨਖਾਹ ਲਾਗੂ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।
ਜ਼ਿਲ੍ਹਾ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਜੇਕਰ ਮੰਗ ਪੱਤਰ ਨਾ ਦਿਵਾਇਆ ਗਿਆ ਤਾਂ ਮੁਲਾਜ਼ਮਾਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕੀਤਾ ਜਾਵੇਗਾ। ਰੈਲੀ ਨੂੰ ਹੰਸ ਰਾਜ ਦੀਦਾਰਗੜ੍ਹ ਜਰਨਲ ਸਕੱਤਰ, ਇੰਦਰ ਸਿੰਘ ਧੂਰੀ , ਬਿੱਕਰ ਸਿੰਘ ਸਿਬੀਆ, ਅਮਰਜੀਤ ਸਿੰਘ, ਗੁਰਮੀਤ ਸਿੰਘ ਮਿੱਡਾ, ਬਲਦੇਵ ਸਿੰਘ ਹੱਥਨ, ਕੁਲਦੀਪ ਸਿੰਘ ਮੰਡੀ ਬੋਰਡ, ਗੁਰਜੰਟ ਸਿੰਘ ਬੁਗਰਾ, ਕੇਵਲ ਸਿੰਘ ਗੁਜਰਾਂ, ਬੀਰਾ ਸਿੰਘ ਸੁਨਾਮ, ਗੁਰਤੇਜ ਸ਼ਰਮਾ, ਗਮਦੂਰ ਸਿੰਘ, ਅਜੇ ਕੁਮਾਰ, ਰਾਜੂ ਸਿੰਘ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।
