Government Offices Closed: ਹੜਤਾਲ ਕਾਰਨ ਦਫ਼ਤਰਾਂ ਵਿੱਚ ਸੁੰਨ ਪਸਰੀ, ਬਾਹਰ ਨਾਅਰੇ ਗੂੰਜੇ
‘ਆਪ’ ਵਿਧਾਇਕਾਂ ਦੇ ਘਰਾਂ ਅੱਗੇ ਨਾਅਰੇਬਾਜ਼ੀ ਕੀਤੀ
ਇੱਥੇ ਸਮੁੱਚੇ ਸਰਕਾਰੀ ਕੱਚੇ ਅਤੇ ਪੱਕੇ ਮੁਲਾਜਮਾਂ ਵੱਲੋਂ ਹੜਤਾਲ ਕਾਰਨ ਅੱਜ ਇਸ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਦਾਰੇ ਬੰਦ ਵਰਗੇ ਹੀ ਰਹੇ। ਕਈਆਂ ’ਚ ਤਾਂ ਅਧਿਕਾਰੀਆਂ ਨੇ ਪੈਰ ਵੀ ਨਾ ਧਰਿਆ। ਉਧਰ ਸਮੂਹਿਕ ਛੁੱਟੀ ਲੈ ਕੇੇ ਆਪੋ ਆਪਣੇ ਦਫਤਰਾਂ ਅੱਗੇ ਇਕੱਠੇ ਹੋਏ ਮੁਲਾਜ਼ਮਾਂ ਨੇ ਝੰਡਿਆਂ ਨਾਲ ਲੈਸ ਹੋ ਕੇ ਮਾਰਚ ਕਰਦਿਆਂ ਡੀ ਸੀ ਦਫਤਰ ਅੱਗੇ ਹੋਈ ਸਾਂਝੀ ਰੈਲੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਮੁਲਾਜ਼ਮਾਂ ਨੇ ਰੋਕਾਂ ਪੁੱਟ ਕੇ ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰੀ ਹਲਕਿਆਂ ਦੇ ਦੋਵੇਂ ‘ਆਪ’ ਵਿਧਾਇਕਾਂ ਡਾ. ਬਲਬੀਰ ਸਿੰਘ ਅਤੇ ਅਜੀਤਪਾਲ ਕੋਹਲੀ ਦੇ ਘਰਾਂ ਮੂਹਰੇ ਪਹੁੰਚ ਕੇ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਕੀਤੇ। ਇਸ ਉਪਰੰਤ ਕਾਫਲੇ ਨੇ ਪਾਵਰਕੌਮ ਦੇ ਮੁੱਖ ਦਫਤਰ ਮੂਹਰੇ ਜਾ ਕੇ ਵੀ ਰੋਸ ਰੈਲੀ ਕੀਤੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਅੱਜ ਪੰਜਾਬ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ। ਦਿੜ੍ਹਬਾ (ਰਣਜੀਤ ਸਿੰਘ ਸ਼ੀਤਲ): ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਦਿੜ੍ਹਬਾ ਦੀ ਅਨਾਜ ਮੰਡੀ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਅਤੇ ਵੱਖ ਵੱਖ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਰੋਸ ਰੈਲੀ ਕੀਤੀ ਗਈ। ਬੁਲਾਰਿਆਂ ਨੇ ਪੰਜਾਬ ਦੇ ਵਿੱਤ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤਾਂ ਖ਼ਾਲੀ ਪੀਪਾ ਸੀ ਅਤੇ ਹੁਣ ਹਰਪਾਲ ਸਿੰਘ ਚੀਮਾ ਖਾਲੀ ਢੋਲ ਹੈ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ/ਸਤਨਾਮ ਸਿੰਘ ਸੱਤੀ): ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਐੇੱਸ ਡੀ ਐੱਮ ਦਫ਼ਤਰ ਸੁਨਾਮ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਰੈਲੀ ਕੀਤੀ ਗਈ। ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੀ ਨਿਖੇਧੀ ਕੀਤੀ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਸਮੂਹਿਕ ਛੁੱਟੀ ਦੇ ਸੱਦੇ ਤਹਿਤ ਅੱਜ ਮਾਰਕੀਟ ਕਮੇਟੀ ਦੂਧਨਸਾਧਾਂ ਦੇ ਸਮੂਹ ਕਰਮਚਾਰੀਆਂ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ। ਇਸ ਦੌਰਾਨ ਮਾਰਕੀਟ ਕਮੇਟੀ ਦਾ ਕੰਮਕਾਜ ਪ੍ਰਭਾਵਿਤ ਰਿਹਾ।
ਮਾਲੇਕੋਟਲਾ (ਪਰਮਜੀਤ ਸਿੰਘ ਕੁਠਾਲਾ): ਜ਼ਿਲ੍ਹਾ ਮਾਲੇਰਕੋਟਲਾ ਦੇ ਮੁਲਾਜ਼ਮਾਂ ਨੇ ਅੱਜ ਮਹਾਂ ਹੜਤਾਲ ਦੇ ਸੱਦੇ ’ਤੇ ਹੜਤਾਲ ਕਰ ਕੇ ਸਥਾਨਕ ਡੀ ਸੀ ਦਫ਼ਤਰ ਅੱਗੇ ਰੈਲੀ ਕੀਤੀ। ਹੜਤਾਲੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਹਿਰ ਵਿਚ ਰੋਸ਼ ਪ੍ਰਦਰਸ਼ਨ ਕੀਤਾ ਅਤੇ ਜ਼ਿਲ੍ਹਾ ਵਿਕਾਸ਼ ਦਫਤਰ ਸਾਹਮਣੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ। ਡੀ ਸੀ ਦਫਤਰ ਸਾਹਮਣੇ ਮੁਲਾਜ਼ਮ ਰੈਲੀ ਵਿੱਚ ਸਮੂਹ ਵਿਭਾਗਾਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਮਗਰੋਂ ਡੀ ਸੀ ਦਫ਼ਤਰ ਤੋਂ ਕਲੱਬ ਚੌਕ ਰਾਹੀਂ ਸ਼ਹਿਰ ਅੰਦਰ ਮਾਰਚ ਕਰ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ।

