ਸਰਕਾਰ ਪਿੰਡਾਂ ਨੂੰ ਸ਼ਹਿਰੀ ਤਰਜ਼ ’ਤੇ ਸਹੂਲਤਾਂ ਦੇ ਰਹੀ ਹੈ: ਰੱਖੜਾ
‘ਆਪ’ ਆਗੂ ਵੱਲੋਂ ਪਟਿਆਲਾ ਬਲਾਕ ਦੇ ਸਰਪੰਚਾਂ ਨਾਲ ਮੀਟਿੰਗ
ਸਾਬਕਾ ਮੰਤਰੀ ਅਤੇ ‘ਆਪ’ ਆਗੂ ਸੁਰਜੀਤ ਸਿੰਘ ਰੱਖੜਾ ਦਾ ਕਹਿਣਾ ਹੈ ਕਿ ਸਰਕਾਰ ਪਿੰਡਾਂ ਨੂੰ ਵੀ ਸ਼ਹਿਰੀ ਤਰਜ਼ ’ਤੇ ਸਹੂਲਤਾਂ ਦੇ ਰਹੀ ਹੈ ਜਿਸ ਤਹਿਤ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਉਹ ਇੱਥੇ ਬੀ ਡੀ ਪੀ ਓ ਦਫ਼ਤਰ ਪਟਿਆਲਾ ਵਿੱਚ ਹਲਕਾ ਸਮਾਣਾ ਦੇ ਬਲਾਕ ਪਟਿਆਲਾ ’ਚ ਪੈਂਦੇ ਪਿੰਡਾਂ ਨਾਲ ਸਬੰਧਤ 65 ਸਰਪੰਚਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਮਗਨਰੇਗਾ ਤਹਿਤ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਸ਼ੁਰੂ ਕਰਨ, ਖੇਡ ਮੈਦਾਨਾਂ ਦੀ ਉਸਾਰੀ, ਛੱਪੜਾਂ ਦੇ ਸੁਧਾਰ ਅਤੇ ਬੁਨਿਆਦੀ ਵਿਕਾਸ ਪ੍ਰਾਜੈਕਟਾਂ ਨੂੰ ਜਲਦ ਅਮਲੀ ਰੂਪ ਦੇਣ ਸਬੰਧੀ ਚਰਚਾ ਕੀਤੀ ਗਈ। ਕਈ ਸਰਪੰਚਾਂ ਨੇ ਪ੍ਰਸ਼ਾਸਨਿਕ ਪੱਧਰ ’ਤੇ ਦਰਪੇਸ਼ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ।
ਸਰਪੰਚਾਂ ਦੀਆਂ ਮੁਸ਼ਕਲਾਂ ਸੁਣਦਿਆਂ ਰੱਖੜਾ ਨੇ ਵਿਭਾਗਾਂ ਨਾਲ ਤਾਲਮੇਲ ਕਰ ਕੇ ਇਨ੍ਹਾਂ ਸਮੱਸਿਆਵਾਂ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵਿਕਾਸ ‘ਆਪ’ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਬਣਾਉਣ ਲਈ ਯਤਨ ਜਾਰੀ ਹਨ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਜਸਪਾਲ ਕਲਿਆਣ, ਮਾਰਕੀਟ ਕਮੇਟੀ ਡਕਾਲਾ ਦੇ ਸਾਬਕਾ ਚੇਅਰਮੈਨ ਮਲਕੀਤ ਡਕਾਲਾ, ਸੰਗਠਨ ਇੰਚਾਰਜ ਐਡਵੋਕੇਟ ਗੁਲਜ਼ਾਰ ਵਿਰਕ, ਸੂਬੇਦਾਰ ਇੰਦਰਜੀਤ ਸੇਖੋਂ (ਸਰਪੰਚ ਕਰਤਾਰਪੁਰ), ਸਰਪੰਚ ਇੰਦਰਜੀਤ ਰੱਖੜਾ, ਸੰਦੀਪ ਝੰਡੀ, ਸਰਪੰਚ ਸਤਪਾਲ ਸਿੰਘ, ਬੱਬੀ ਸਰਪੰਚ, ਸਰਪੰਚ ਅਮਰੀਕ ਕਕਰਾਲਾ, ਮੇਜਰ ਮੂੰਡਖੇੜਾ ਅਤੇ ਸਰਪੰਚ ਬਲਵਿੰਦਰ ਸਿੰਘ ਹਾਜ਼ਰ ਸਨ।

