ਗੁਰਨਾਮ ਸਿੰਘ ਅਕੀਦਾ
ਪਟਿਆਲਾ, 15 ਸਤੰਬਰ
ਕਾਂਗਰਸੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੋਈ ਵੀ ਸਾਰਥਕ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਰਕੇ ਪੰਜਾਬ ਦੀ ਜਵਾਨੀ ਅੱਜ ਕੱਲ੍ਹ ਚਿੱਟੇ ਨਾਲ ਮਰ ਰਹੀ ਹੈ ਜਾਂ ਫਿਰ ਵਿਦੇਸ਼ਾਂ ਤੋਂ ਤਾਬੂਤਾਂ ਆ ਰਹੇ ਹਨ। ਬਰੈਂਪਟਨ (ਕੈਨੇਡਾ) ਵਿੱਚ ਅਚਾਨਕ ਮੌਤ ਦੇ ਮੂੰਹ ਵਿੱਚ ਗਏ ਹਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਮਾਪਿਆਂ ਤੱਕ ਪਹੁੰਚਾਉਣ ਵਿੱਚ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਮਦਦ ਕੀਤੀ ਹੈ। ਇੱਥੇ ਸਰਹਿੰਦ ਰੋਡ ’ਤੇ ਪਿੰਡ ਖਰੌੜੀ ਵਿੱਚ ਬੀਬੀ ਪ੍ਰਨੀਤ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਦੇ ਵੱਸ ਵਿੱਚ ਨਹੀਂ ਰਿਹਾ ਕਿ ਉਹ ਪੰਜਾਬ ਦੀ ਜਵਾਨੀ ਨੂੰ ਬਚਾ ਸਕੇ। ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ,‘ਹਨਦੀਪ ਦੇ ਪਿਤਾ ਸਰਪੰਚ ਹਰਭਿੰਦਰ ਸਿੰਘ ਖਰੌੜੀ ਮੇਰੇ ਕੋਲ ਆਏ ਸਨ, ਇਨ੍ਹਾਂ ਨੇ ਮੈਨੂੰ ਮਦਦ ਲਈ ਕਿਹਾ ਸੀ ਤਾਂ ਅਸੀਂ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਰਕੇ ਕੈਨੇਡਾ ਸਰਕਾਰ ਨਾਲ ਸੰਪਰਕ ਬਣਵਾ ਕੇ ਹਨਦੀਪ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਤੱਕ ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਹੈ। ਪਰਿਵਾਰ ਲਈ ਬੱਚੇ ਦਾ ਵਿਛੋੜਾ ਅਸਹਿ ਹੈ ਜਿਸ ਦੇ ਦੁੱਖ ਵਿੱਚ ਉਹ ਸਾਂਝੀ ਹਨ। ਪ੍ਰਨੀਤ ਕੌਰ ਨਾਲ ਚੇਅਰਮੈਨ ਮਦਨਜੀਤ ਸਿੰਘ ਡਕਾਲਾ ਵੀ ਨਾਲ ਸਨ। ਹਨਦੀਪ ਦੇ ਪਿਤਾ ਸਰਪੰਚ ਹਰਭਿੰਦਰ ਸਿੰਘ ਨੇ ਕਿਹਾ,‘ਦੋ ਸਾਲ ਪਹਿਲਾਂ ਹਨਦੀਪ ਸਿੰਘ ਦਾ ਵਿਆਹ ਨਾਲ ਕੀਤਾ ਸੀ, ਸਾਰਾ ਖ਼ਰਚ ਕਰਕੇ ਉਸ ਦੀ ਪਤਨੀ ਨੂੰ ਕੈਨੇਡਾ ਭੇਜਿਆ ਸੀ। ਉੱਥੇ ਜਾ ਕੇ ਉਹ ਕੁੜੀ ਨੇ ਕਥਿਤ ਮਨਮਰਜ਼ੀਆਂ ਸ਼ੁਰੂ ਕਰ ਦਿੱਤੀਆਂ ਪਰ ਅਸੀਂ ਫੇਰ ਵੀ ਹਨਦੀਪ ਨੂੰ ਕੈਨੇਡਾ ਭੇਜਣ ਵਿੱਚ ਕਾਮਯਾਬ ਹੋ ਗਏ, ਜਦੋਂ ਹਨਦੀਪ ਕੈਨੇਡਾ ਵਿੱਚ ਆਪਣੀ ਪਤਨੀ ਕੋਲ ਗਿਆ ਤਾਂ ਉਸ ਦੇ ਹਾਵ ਭਾਵ ਬਦਲੇ ਹੋਏ ਸਨ, ਉਹ ਹਨਦੀਪ ਨਾਲ ਰਹਿਣ ਤੋਂ ਵੀ ਇਨਕਾਰ ਕਰ ਗਈ ਸੀ। ਆਖ਼ਿਰ ਸਾਡੇ ਬੱਚੇ ਦੀ ਅਚਾਨਕ ਮੌਤ ਹੋ ਗਈ। ਜਿਸ ਲਈ ਉਸ ਦੀ ਪਤਨੀ ਜ਼ਿੰਮੇਵਾਰ ਹੈ।’