Government Employees Protest: ਕਲਮ ਛੋੜ ਹੜਤਾਲ ਭਲਕ ਤੱਕ ਵਧੀ
ਹੜਤਾਲੀ ਮੁਲਾਜ਼ਮਾਂ ਵੱਲੋਂ ਡੀ ਸੀ ਦਫ਼ਤਰ ਅੱਗੇ ਸਰਕਾਰ ਖਿਲਾਫ਼ ਗੇਟ ਰੈਲੀ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਵੱਲੋਂ ਲੰਘੇ ਕੱਲ੍ਹ ਕੀਤੇ ਐਲਾਨ ਅਨੁਸਾਰ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਹੁਣ 21 ਅਗੱਸਤ ਤੱਕ ਵਧਾ ਦਿੱਤੀ ਗਈ ਹੈ। ਇਸ ਕਾਰਨ ਅੱਜ ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਪੂਰੀ ਤਰ੍ਹਾਂ ਠੱਪ ਕਰ ਕੇ ਮਨਿਸਟੀਰੀਅਲ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰੋਸ ਵਜੋਂ ਗੇਟ ਰੈਲੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਰਾਜਵੀਰ ਬਡਰੁੱਖਾਂ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਕਾਲਾ ਘਰਾਚੋਂ, ਵਧੀਕ ਸਕੱਤਰ ਜਨਰਲ ਰਣਜੀਤ ਭੀਖੀ, ਸੰਦੀਪ ਕੌਰ, ਮਨਪ੍ਰੀਤ ਕੌਰ, ਇਸਤਰੀ ਵਿੰਗ ਆਗੂ, ਅਮਰਦੀਪ ਸਿੰਘ ਪ੍ਰਧਾਨ ਖੇਤੀਬਾੜੀ, ਗੁਰਤੇਜ ਸਿੰਘ ਡੀ ਸੀ ਦਫਤਰ, ਸਤਗੁਰ ਸਿੰਘ, ਇਕਬਾਲ ਸਿੰਘ, ਸੰਦੀਪ ਸਿੰਘ ਸ਼ੇਰਗਿੱਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ, ਕਿਉਂਕਿ ਪਿਛਲੇ ਕਰੀਬ ਸਵਾ ਚਾਰ ਸਾਲ ਦੇ ਵਕਫ਼ੇ ਦੌਰਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ। ਇਸ ਕਾਰਨ ਸੂਬਾ ਕਮੇਟੀ ਵੱਲੋਂ ਰੋਸ ਵੱਜੋਂ ਕਲਮ ਛੋੜ ਅਤੇ ਕੰਪਿਊਟਰ ਬੰਦ ਦੀ ਹੜਤਾਲ 17 ਅਤੇ 18 ਅਗਸਤ ਤੋਂ ਹੁਣ 21 ਅਗੱਸਤ ਤੱਕ ਵਧਾ ਦਿੱਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਜੇ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ 27 ਅਗਸਤ ਨੂੰ ਸੂਬੇ ਭਰ ਦੇ ਸਮੁੱਚੇ ਵਿਭਾਗਾਂ ਅਤੇ ਅਦਾਰਿਆਂ ਦਾ ਕੰਮ ਮੁਕੰਮਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਹਰਜੀਤ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਕੌਰ, ਸੁਖਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਭਾਰੀ ਗਿਣਤੀ ਵਿੱਚ ਪਹੁੰਚੇ ਹੋਏ ਸਨ।

