ਖੇਤਰੀ ਪ੍ਰਤੀਨਿਧ
ਘਨੌਰ, 24 ਸਤੰਬਰ
ਹਲਕੇ ਦੇ ਪਿੰਡ ਮੰਡੌਲੀ ਵਿੱਚ ਬਣਾਏ ਗਏ ‘ਸ਼ਹੀਦ ਪ੍ਰੋ. ਦਰਬਾਰਾ ਸਿੰਘ ਯਾਦਗਰ ਲੰਗਰ ਹਾਲ’ ਦਾ ਰਸਮੀ ਉਦਘਾਟਨ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ। ਪ੍ਰੋ. ਦਰਬਾਰਾ ਸਿੰਘ ਨੂੰ ਸ਼ਰਧਾ ਅਰਪਿਤ ਕਰਦਿਆਂ ਸਿਹਤ ਮੰਤਰੀ ਨੇ ਇਸ ਪਰਿਵਾਰ ਨਾਲ ਆਪਣੇ ਕਈ ਸਾਲ ਪੁਰਾਣੇ ਸਬੰਧਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਇਸੇ ਪਿੰਡ ’ਚ ਚੱਲ ਰਹੇ ਇੱਕ ਸਿਹਤ ਕੇਂਦਰ ਨੂੰ ਜਲਦੀ ਹੀ ਸਰਕਾਰ ਦੀ ਨਵੀਂ ਯੋਜਨਾ ਤਹਿਤ ‘ਆਮ ਆਦਮੀ ਕਲੀਨਿਕ’ ’ਚ ਤਬਦੀਲ ਕਰਕੇ ਇੱਥੇ ਲੋੜੀਂਦੇ ਟੈਸਟਾਂ, ਦਵਾਈਆਂ ਅਤੇ ਸਿਹਤ ਸਟਾਫ਼ ਦੀ ਤਾਇਨਾਤੀ ਯਕੀਨੀ ਬਣਾਉਣ ਦਾ ਐਲਾਨ ਕੀਤਾ।
ਪ੍ਰੋ. ਦਰਬਾਰਾ ਸਿੰਘ ਦੇ ਭਰਾ ਤੇ ਕਿਸਾਨ ਆਗੂ ਐਡਵਕੇਟ ਪਰੇਮ ਸਿੰਘ ਭੰਗੂ ਤੇ ਹੋਰਾਂ ਦੀ ਦੇਖ-ਰੇਖ ਹੇਠਾਂ ਹੋਏ ਇਸ ਸਮਾਗਮ ਨੂੰ ਹਲਕਾ ਵਿਧਾਇਕ ਗੁਰਲਾਲ ਘਨੌਰ, ਸਾਬਕਾ ਵਿਧਾਇਕ ਮਦਨਲਾਲ ਜਲਾਲਪੁਰ, ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਐਮਸੀ.ਪੀਆਈ. (ਯੁਨਾਈਟਡ) ਦੇ ਜਨਰਲ ਸਕੱਤਰ ਕੁਲਦੀਪ ਸਿੰਘ ਐਡਵੋਕੇਟ ਤੇ ਡਾ. ਤਰਲੋਚਨ ਕੌਰ ਨੇ ਸੰਬੋਧਨ ਕੀਤਾ। ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਲੰਗਰ ਹਾਲ ਦੀ ਇਸ ਇਮਾਰਤ ਲਈ ਦਸ ਲੱਖ ਰੁਪਏ ਉਨ੍ਹ੍ਵਾਂ ਨੇ ਪਰਿਵਾਰ ਦੀ ਤਰਫ਼ੋਂ ਪਾਏ ਹਨ। ਦਸ ਲੱੱਖ ਰੁਪਏ ਹੋਰ ਕਾਂਗਰਸੀ ਵਿਧਾਇਕ ਵਜੋਂ ਪਿਛਲੇ ਸਮੇਂ ਦੌਰਾਨ ਠੇਕੇਦਾਰ ਮਦਨ ਲਾਲ ਜਲਾਲਪੁਰ ਵੱਲੋਂ ਪੰਚਾਇਤ ਰਾਹੀਂ ਭੇਜੇ ਗਏ ਸਨ। ਬਾਕੀ ਰਾਸ਼ੀ ਗੁਰਦਵਾਰਾ ਸਾਹਿਬ ਅਤੇ ਨਗਰ ਨਿਵਾਸੀਆਂ ਵਲੋਂ ਵੀ ਪਾਈ ਗਈ ਹੈ। ਇਸ ਤਰਾਂ ਪ੍ਰੋ.ਦਰਬਾਰਾ ਸਿੰਘ ਦੀ ਯਾਦ ’ਚ ਬਣੀ ਇਸ ਨੂੰ ਗੁਰਦੁਆਰਾ ਸਾਹਿਬ ਨਾਲ ਸਬੰਧਤ ਹੋਰ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਆਦਿ ਵੀ ਵਰਤਿਆ ਜਾ ਸਕਦਾ ਹੈ। ਇਸ ਮੌਕੇ ਪ੍ਰੋ. ਰਣਬੀਰ ਕੌਰ ਭੰਗੂ,ਪਵਨ ਕੁਮਾਰ ਸੋਗਲਪੁਰ, ਇਕਬਾਲ ਮੰਡੌਲੀ, ਗੁਲਜਾਰ ਸਲੇਮਪੁਰ, ਰਣਬੀਰ ਸੀਲ, ਕਰਨਵੀਰ ਸਿੰਘ, ਗੁਰਦੀਪ ਰੁੜਕੀ, ਜੋਰਾ ਸਿੰਘ, ਸੁਖਦੇਵ ਕਿਲਾਰਾਏਪੁਰ, ਮਲਕੀਤ ਸਿੰਘ, ਹਾਕਮ ਮਨਾਣਾ, ਗੁਰਦੀਪ ਸਰਾਲਾ, ਲਸ਼ਕਰ ਸਿੰਘ ਸਰਦਾਰਗੜ, ਉਂਕਾਰ ਸ਼ਰਮਾ ਤੇ ਜਗਪਾਲ ਮੰਡੌਲੀ ਆਦਿ ਵੀ ਮੌਜੂਦ ਸਨ।