ਪਟਿਆਲਾ ਜ਼ਿਲ੍ਹੇ ’ਚ ਚਾਰ ਹੋਰ ਕਰੋਨਾ ਮਰੀਜ਼ਾਂ ਦੀ ਮੌਤ

ਪਟਿਆਲਾ ਜ਼ਿਲ੍ਹੇ ’ਚ ਚਾਰ ਹੋਰ ਕਰੋਨਾ ਮਰੀਜ਼ਾਂ ਦੀ ਮੌਤ

ਪਟਿਆਲਾ ਜ਼ਿਲ੍ਹੇ ਦੇ ਇੱਕ ਪਿੰਡ ਵਿਚਲੇ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚੋਂ ਸੈਂਪਲ ਲੈਂਦੇ ਹੋਏ ਸਿਹਤ ਮੁਲਾਜ਼ਮ।

ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਸਤੰਬਰ

ਪਟਿਆਲਾ ਜ਼ਿਲ੍ਹੇ ਵਿੱਚ ਅੱਜ ਚਾਰ ਹੋਰ ਮਰੀਜ਼ ਕਰੋਨਾ ਕਾਰਨ ਜਹਾਨੋਂ ਰੁਖਸਤ ਹੋ ਗਏ। ਇਨ੍ਹਾਂ ਵਿੱਚੋਂ ਤਿੰਨ ਪਟਿਆਲਾ ਸ਼ਹਿਰ ਸਨ। ਜਿਨ੍ਹਾਂ ’ਚ ਪਟਿਆਲਾ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ 55 ਸਾਲਾ ਵਿਅਕਤੀ ਸ਼ੁੂਗਰ ਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ। ਦੂਸਰਾ ਜੁਝਾਰ ਨਗਰ ਦਾ ਰਹਿਣ ਵਾਲਾ 70 ਸਾਲਾ ਬਜ਼ੁਰਗ ਵੀ ਹਾਈਪਰਟੈਂਸ਼ਨ ਦਾ ਪੁਰਾਣਾ ਮਰੀਜ਼ ਸੀ। ਜਦੋਂਕਿ ਮਜੀਠੀਆਂ ਐਨਕਲੇਵ ਦੀ ਰਹਿਣ ਵਾਲੀ 75 ਸਾਲਾ ਔਰਤ ਵੀ ਸਿਹਤ ਵਿਭਾਗ ਨੇ ਸ਼ੂਗਰ ਦੀ ਮਰੀਜ਼ ਦੱਸੀ ਹੈ। ਚੌਥੀ ਮ੍ਰਿਤਕਾ ਮਹਿੰਦਰਗੰਜ ਰਾਜਪੁਰਾ ਦੀ ਰਹਿਣ ਸੀ। 65 ਸਾਲਾ ਇਹ ਮਹਿਲਾ ਸਾਹ ਦੀ ਦਿੱਕਤ ਕਾਰਨ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਸਾਰੇ ਮਰੀਜ਼ ਰਾਜਿੰਦਰਾ ਹਸਪਤਾਲ ’ਚ ਦਾਖਲ ਸਨ ਤੇ ਇਲਾਜ ਦੌਰਾਨ ਇਨ੍ਹਾਂ ਦੀ ਮੌਤ ਹੋ ਗਈ। ਜਿਸ ਨਾਲ ਹੁਣ ਜ਼ਿਲੇੇ ਵਿੱਚ ਕੋਵਿਡ ਪਾਜ਼ੇਟਿਵ ਮ੍ਰਿਤਕ ਮਰੀਜ਼ਾਂ ਦੀ ਗਿਣਤੀ 286 ਹੋ ਗਈ ਹੈ।

ਜਦੋਂਕਿ ਅੱਜ 151 ਹੋਰ ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ’ਚੋਂ 74 ਪਟਿਆਲਾ ਸ਼ਹਿਰ ਨਾਲ ਸਬੰਧਤ ਸਨ, ਜਦੋਂਕਿ 4 ਸਮਾਣਾ, 23 ਰਾਜਪੁਰਾ, 6 ਨਾਭਾ ਤੋਂ ਹਨ। ਇਸੇ ਤਰ੍ਹਾਂ ਬਲਾਕ ਭਾਦਸੋਂ ਤੋਂ 9, ਬਲਾਕ ਕੌਲੀ ਤੋਂ 5, ਬਲਾਕ ਕਾਲੋਮਾਜਰਾ ਤੋਂ 6, ਬਲਾਕ ਹਰਪਾਲਪੁਰ ਤੋਂ 7, ਬਲਾਕ ਦੁਧਨਸਾਧਾਂ ਤੋਂ 10, ਬਲਾਕ ਸ਼ੁਤਰਾਣਾ ਤੋਂ 7 ਕੇਸ ਰਿਪੋਰਟ ਹੋਏ ਹਨ।ਪਾਜੇਟਿਵ ਕੇਸਾਂ ’ਚੋਂ ਪਟਿਆਲਾ ਸ਼ਹਿਰ ਦੇ ਧਰਮਪੁਰਾ ਬਜ਼ਾਰ, ਅਬਲੋਵਾਲ ਕਲੋਨੀ, ਸੰਤ ਹਜ਼ਾਰਾ ਸਿੰਘ ਨਗਰ, ਫਰੈਂਡਜ ਐਨਕਲੇਵ, ਚਰਨ ਬਾਗ, ਜੁਝਾਰ ਨਗਰ, ਦੇਸ ਰਾਜ ਸਟਰੀਟ, ਘੇਰ ਸੋਢੀਆਂ, ਬੈਂਕ ਕਲੋਨੀ, ਆਫੀਸਰ ਐਨਕਲੇਵ, ਦੀਪ ਨਗਰ, ਹਰਗੋਬਿੰਦ ਨਗਰ, ਧਾਲੀਵਾਲ ਕਲੋਨੀ nkdf ਆਦਿ ਨਾਲ਼ ਸਬੰਧਿਤ ਹਨ।

ਸੰਗਰੂਰ (ਗੁਰਦੀਪ ਸਿੰਘ ਲਾਲੀ) ਜ਼ਿਲ੍ਹਾ ਸੰਗਰੂਰ ’ਚ ਅੱਜ ਕਰੋਨਾ ਨਾਲ ਇੱਕ ਮਹਿਲਾ ਮਰੀਜ਼ ਦੀ ਮੌਤ ਹੋਈ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 127 ਹੋ ਗਈ ਹੈ। ਅੱਜ 70 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂ ਕਿ 62 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ 3238 ਪਾਜ਼ੇਟਿਵ ਕੇਸ ਆ ਚੁੱਕੇ ਹਨ ਜਿਨ੍ਹਾਂ ’ਚੋਂ 2551 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ 560 ਹੈ ਜਿਨ੍ਹਾਂ ’ਚੋਂ 3 ਦੀ ਹਾਲਤ ਗੰਭੀਰ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ 38 ਸਾਲਾ ਮਹਿਲਾ ਬਲਾਕ ਮਲੇਰਕੋਟਲਾ ਦੀ ਰਹਿਣ ਵਾਲੀ ਸੀ ਜੋ ਚਾਰ/ਪੰਜ ਦਿਨਾਂ ਤੋਂ ਬੁਖਾਰ ਤੇ ਖੰਘ ਤੋਂ ਪੀੜਤ ਸੀ। ਇਸ ਮਰੀਜ਼ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਸੀ ਜਿਸਦੀ ਕਰੋਨਾ ਰਿਪੋਰਟ ਪਾਜ਼ੇਟਿਵ ਸੀ ਪਰ ਇਹ ਮਰੀਜ਼ ਕਰੋਨਾ ਨਾਲ ਜੂਝਦਿਆਂ ਜ਼ਿੰਦਗੀ ਦੀ ਜੰਗ ਹਾਰ ਗਈ। ਬਲਾਕ ਮਲੇਰਕੋਟਲਾ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ ਜੋ ਜ਼ਿਲ੍ਹੇ ਦੇ ਬਲਾਕਾਂ ’ਚੋਂ ਸਭ ਤੋਂ ਵੱਧ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ 127 ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All