
ਗਰੋਹ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਵਰੁਣ ਸ਼ਰਮਾ। -ਫੋਟੋ: ਭੰਗੂ
ਖੇਤਰੀ ਪ੍ਰਤੀਨਿਧ
ਪਟਿਆਲਾ, 23 ਮਾਰਚ
ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਟਰੱਕ ਤੇ ਟਰੈਕਟਰ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਟਰੱਕ, ਇੱਕ ਟਰੈਕਟਰ ਤੇ ਟਰਾਲੀ ਬਰਾਮਦ ਹੋਈ ਹੈ। ਗਰੋਹ ਦੇ ਫੜੇ ਜਾਣ ਨਾਲ ਜ਼ਿਲ੍ਹਾ ਪਟਿਆਲਾ, ਬਰਨਾਲਾ, ਧੂਰੀ, ਭਵਾਨੀਗੜ੍ਹ ਤੇ ਗੋਬਿੰਦਗੜ੍ਹ ਤੋਂ ਟਰੱਕ ਚੋਰੀ ਦੀਆਂ ਵਾਰਦਾਤਾਂ ਦਾ ਖੁਲਾਸਾ ਹੋਇਆ ਹੈ।
ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਐੱਸਪੀਡੀ ਹਰਬੀਰ ਅਟਵਾਲ, ਡੀਐੱਸਪੀਡੀ ਸੁਖਅੰਮ੍ਰਿਤ ਰੰਧਾਵਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਟੀਮ ਨੇ ਮੁਲਜ਼ਮਾਂ ਨੂੰ ਨਾਕੇ ਲਗਾ ਕੇ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਰਹਿਮਦੀਨ ਮਿੱਠੂ ਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਬਟਰਿਆਣਾ ਥਾਣਾ ਭਵਾਨੀਗੜ੍ਹ, ਕਸ਼ਮੀਰਾ ਸਿੰਘ ਵਾਸੀ ਪਿੰਡ ਸਵਾਜਪੁਰ ਥਾਣਾ ਪਸਿਆਣਾ ਅਤੇ ਮਨਦੀਪ ਸਿੰਘ ਵਾਸੀ ਕਾਕੜਾ ਥਾਣਾ ਭਵਾਨੀਗੜ੍ਹ ਵਜੋਂ ਹੋਈ ਹੈ ਅਤੇ ਇਨ੍ਹਾਂ ਕੋਲੋਂ ਕਿਰਪਾਨ, ਕਿਰਚ ਅਤੇ ਲੋਹੇ ਦੀ ਰਾਡ ਵੀ ਬਰਾਮਦ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਮੰਡੀ ਗੋਬਿੰਦਗੜ੍ਹ ਤੋਂ 18 ਅਤੇ 19 ਮਾਰਚ ਦੀ ਰਾਤ ਨੂੰ ਚੋਰੀ ਕੀਤਾ ਟਰੱਕ ਅਤੇ ਪਿੰਡ ਮੈਣ ਬਾਈਪਾਸ ਪਟਿਆਲਾ ਤੋਂ 7 ਫਰਵਰੀ ਦੀ ਰਾਤ ਨੂੰ ਚੋਰੀ ਕੀਤਾ ਸੋਨਾਲੀਕਾ ਟਰੈਕਟਰ ਸਮੇਤ ਟਰਾਲੀ ਬਰਾਮਦ ਕੀਤਾ ਗਿਆ।
ਗਰੋਹ ਦੇ ਮੈਬਰਾਂ ਖ਼ਿਲਾਫ਼ ਪਹਿਲਾਂ ਵੀ ਚੋਰੀਆਂ ਅਤੇ ਹੋਰ ਕੇਸ ਦਰਜ਼ ਹਨ। ਗਰੋਹ ਦੇ ਕੁਝ ਮੈਂਬਰ ਪਹਿਲਾਂ ਖ਼ੁਦ ਟਰੱਕ ਡਰਾਈਵਰ ਜਾਂ ਕਲੀਨਰ ਰਹੇ ਹਨ। ਗੁਰਪ੍ਰੀਤ ਸਿੰਘ ਮੁੱਖ ਤੌਰ ’ਤੇ ਗੱਡੀਆਂ ਤੋੜ ਕੇ ਵੇਚਣ ਦਾ ਕੰਮ ਕਰਦਾ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ।
ਮਹਿਲਾ ਦੇ ਕਤਲ ਦੇ ਦੋਸ਼ ਹੇਠ ਕਾਬੂ
ਪਟਿਆਲਾ: ਥਾਣਾ ਸ਼ੰਭੂ ਦੀ ਪੁਲੀਸ ਨੇ ਇਕ ਮਹਿਲਾ ਦੇ ਕਤਲ ਦੀ ਗੁੱਥੀ ਸੁਲਝਾਈ ਹੈ। ਮਹਿਲਾ ਦੇ ਕਤਲ ਨੂੰ ਖੁਦਕੁਸ਼ੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ 16 ਮਾਰਚ ਨੂੰ ਗੁਰਨਾਮ ਸਿੰਘ ਵਾਸੀ ਪਿੰਡ ਡਾਹਰੀਆਂ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੀ ਮਾਤਾ ਜੋਗਿੰਦਰ ਕੌਰ 15 ਮਾਰਚ ਨੂੰ ਸਵੇਰੇ ਮਿਹਨਤ ਮਜ਼ਦੂਰੀ ਕਰਨ ਲਈ ਭਾਈ ਘਨੱਈਆ ਗੁਰਦੁਆਰਾ ਹਸਪਤਾਲ ਨੇੜੇ ਗਈ ਸੀ ਪਰ ਘਰ ਨਹੀਂ ਮੁੜੀ। ਇਸ ਮਗਰੋਂ ਉਸ ਦੀ ਲਾਸ਼ ਇੱਕ ਦਰੱਖਤ ਨਾਲ ਲਮਕਦੀ ਮਿਲੀ। ਜਾਂਚ ਪੜਤਾਲ ਦੌਰਾਨ ਪਤਾ ਲੱਗਿਆ ਕਿ ਮਹਿਲਾ ਨੇ ਖੁਦੁਕਸ਼ੀ ਨਹੀਂ ਕੀਤਾ ਸੀ, ਸਗੋਂ ਉਸ ਦਾ ਕਤਲ ਕੀਤਾ ਗਿਆ ਸੀ। ਪੁਲੀਸ ਨੇ ਗੁਰਦਿਆਲ ਸਿੰਘ ਵਾਸੀ ਪਿੰਡ ਡਾਹਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਜਦੋਂ ਸ਼ਰਾਬੀ ਹਾਲਤ ’ਚ ਸ਼ੰਭੂ ਰੇਲਵੇ ਸਟੇਸ਼ਨ ਤੋਂ ਪਿੰਡ ਡਾਹਰੀਆ ਨੂੰ ਜਾ ਰਿਹਾ ਸੀ ਤਾਂ ਰਾਹ ਵਿੱਚ ਉਸ ਨੂੰ ਜੋਗਿੰਦਰ ਕੌਰ ਮਿਲ ਗਈ। ਮੁਲਜ਼ਮ ਨੇ ਉਸ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ’ਤੇ ਜੋਗਿੰਦਰ ਕੌਰ ਦਾ ਗਲ਼ ਘੁੱਟ ਕੇ ਮਾਰ ਦਿੱਤਾ। ਘਟਨਾ ਨੂੰ ਉਸ ਨੇ ਆਤਮ ਹੱਤਿਆ ਦਾ ਰੂਪ ਦੇਣ ਲਈ ਮਹਿਲਾ ਦੀ ਚੁੰਨੀ ਗਲ਼ ਵਿੱਚ ਪਾ ਕੇ ਲਾਸ਼ ਦਰੱਖ਼ਤ ਨਾਲ ਟੰਗ ਦਿੱਤੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ