ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ : The Tribune India

ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ

ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ

ਪੁਲੀਸ ਦੀ ਹਿਰਾਸਤ ਵਿੱਚ ਚੋਰ ਗਰੋਹ ਦੇ ਮੈਂਬਰ। -ਫੋਟੋ: ਪੰਜਾਬੀ ਟ੍ਰਿਬਿਊਨ

ਖੇਤਰੀ ਪ੍ਰਤੀਨਿਧ

ਪਟਿਆਲਾ, 4 ਦਸੰਬਰ

ਸੀ.ਆਈ.ਏ ਸਟਾਫ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਰਾਤ ਸਮੇਂ ਦੁਕਾਨਾਂ ਵਿੱਚੋਂ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਵਿਚੋਂ ਮਾਰੂ ਹਥਿਆਰਾਂ ਸਮੇਤ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਐੱਸਐੱਸਪੀ ਵਰੁਣ ਸ਼ਰਮਾ ਦੱਸਿਆ ਕਿ ਐੱਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ ਅਤੇ ਡੀਐਸਪੀ ਡੀ ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਦੇਖ-ਰੇਖ ਹੇਠ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਤੇ ਟੀਮ ਵੱਲੋਂ ਕਾਬੂ ਕੀਤੇ ਗਏ ਇਨ੍ਹਾਂ ਮੁਲਜ਼ਮਾਂ ’ਚ ਅਕਾਸ਼ ਪੁੱਤਰ ਸੂਰਜ ਵਾਸੀ ਵਿਕਾਸ ਨਗਰ ਚੀਮਾ ਚੌਕ ਸਿਊਣਾ ਤ੍ਰਿਪੜੀ ਅਤੇ ਸੰਨੀ ਮੋਟਾ ਵਾਸੀ ਪਾਤੜਾਂ ਸਮੇਤ ਗੋਲੂ ਸਿੰਘ ਸਿਵਾ, ਮਲਕੀਤ ਸਿੰਘ ਐਕਟਰ ਵਾਸੀਆਨ ਸੁੰਦਰ ਬਸਤੀ ਪਾਤੜਾਂ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਨੂੰ ਲੁੱਟ-ਖੋਹ ਕਰਨ ਦੀ ਯੋਜਨਾ ਬਣਾਉਂਦਿਆਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਪਿਛਲੇ ਦਿਨਾਂ ’ਚ ਕਈ ਦੁਕਾਨਾਂ ਦੇ ਤਾਲੇ ਤੋੜ ਕੇ, ਗੱਲਿਆਂ ਵਿੱਚੋਂ ਕੈਸ਼ ਅਤੇ ਹੋਰ ਸਾਮਾਨ ਚੋਰੀ ਕੀਤਾ ਹੈ। ਇਨ੍ਹਾਂ ਵਿਚੋਂ ਇਸ ਗਰੋਹ ਨੇ ਚੋਰੀ ਦੀਆਂ ਤਿੰਨ ਵਾਰਦਾਤਾਂ ਤਾਂ ਬੱਸ ਸਟੈਂਡ ਅਤੇ ਸ਼ੇਰਾਂਵਾਲਾ ਗੇਟ ਪਟਿਆਲਾ ਸਮੇਤ ਭਾਦਸੋਂ ਵਿਖੇ ਕੀਤੀਆਂ ਮੰਨੀਆਂ ਹਨ। ਇਸੇ ਤਰ੍ਹਾਂ ਗੁਰਬਖਸ਼ ਕਲੋਨੀ ਵਾਲ਼ੀ ਸਾਈਡ ਤੋਂ ਵੀ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਹੋਣ ਦਾ ਇੰਕਸ਼ਾਫ ਕੀਤਾ ਹੈ। ਚੋਰੀ ਦੀਆਂ ਜ਼ਿਆਦਾਤਰ ਵਾਰਦਾਤਾਂ ’ਚ ਇਨ੍ਹਾਂ ਨੇ ਦੁਕਾਨਾਂ ਵਿੱਚ ਪਏ ਗੱਲੇ ਵਿੱਚੋਂ ਕੈਸ਼ ਚੋਰੀ ਕਰਨ ਨੂੰ ਅੰਜਾਮ ਦਿੱਤਾ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੀ.ਆਈ.ਏ. ਸਟਾਫ਼ ਇਨ੍ਹਾਂ ਨੂੰ ਸਨੌਰ ਰੋਡ ਨੇੜੇ ਸਥਿਤ ਬੂਟਾ ਸਿੰਘ ਵਾਲਾ ਤੋਂ ਉਸ ਵੇਲ਼ੇ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ, ਜਦੋਂ ਇਹ ਡਕੈਤੀ ਮਾਰਨ ਦੀ ਯੋਜਨਾ ਬਣਾ ਰਹੇ ਸਨ। ਇਸ ਸਬੰਧੀ ਇਨ੍ਹਾਂ ਖਿਲਾਫ ਥਾਣਾ ਸਨੌਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਗ੍ਰਿਫਤਾਰੀ ਦੌਰਾਨ ਇਨ੍ਹਾਂ ਪਾਸੋਂ ਦੋ ਚਾਕੂ, ਦੋ ਰਾਡਾਂ ਸਮੇਤ ਬਿਨਾਂ ਨੰਬਰੀ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਇੰਸਪੈਕਟਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਇਨ੍ਹਾਂ ਮੁਲ਼ਜ਼ਮਾਂ ਖਿਲਾਫ਼ ਪਹਿਲਾਂ ਵੀ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All