Former MP Preneet Kaur ਨੇ ਜ਼ਖ਼ਮੀ ਨੌਜਵਾਨ ਦਾ ਹਾਲ-ਚਾਲ ਪੁੱਛਿਆ
ਸਾਬਕਾ ਲੋਕ ਸਭਾ ਮੈਂਬਰ ਵੱਲੋਂ ਵਾਰਡ 19 ਦੀਆਂ ਚੋਣਾਂ ਰੱਦ ਕਰਨ ਦੀ ਮੰਗ; ਭਗਦਡ਼ ਮੌਕੇ ਯਕੂਬ ਨੂੰ ਲੱਗਿਆ ਸੀ ਕਰੰਟ
ਸਮਾਣਾ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 19 ਦੀ ਰਾਮ ਬਸਤੀ ਵਿੱਚ ਹੋਏ ਹੰਗਾਮੇ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਯਾਕੂਬ ਦਾ ਹਾਲ-ਚਾਲ ਜਾਣਨ ਲਈ ਸਾਬਕਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਰਾਜਿੰਦਰਾ ਹਸਪਤਾਲ ਪਟਿਆਲਾ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਭਾਜਪਾ ਆਗੂ ਸੁਰਿੰਦਰ ਸਿੰਘ ਖੇੜਕੀ, ਹਰਮੇਸ਼ ਗੋਇਲ ਵੀ ਮੌਜੂਦ ਸਨ।
ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੇ ਜ਼ਖ਼ਮੀ ਨੌਜਵਾਨ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਲੋਕ ਬੂਥ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਜਦੋਂ ਦੂਜੀ ਪਾਰਟੀ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਮਾਹੌਲ ਵਿਗੜ ਗਿਆ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 19 ਦੀਆਂ ਚੋਣਾਂ ਰੱਦ ਹੋਣੀਆਂ ਚਾਹੀਦੀਆਂ ਹਨ। ਇਸ ਸਬੰਧੀ ਉਨ੍ਹਾਂ ਡੀ ਸੀ ਨੂੰ ਮੰਗ ਪੱਤਰ ਵੀ ਸੌਂਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਨੌਜਵਾਨ ਯਾਕੂਬ ਬੇਹਦ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਹੈ। ਉਨ੍ਹਾਂ ਦੱਸਿਆ ਕਿ ਯਾਕੂਬ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ। ਉਨ੍ਹਾਂ ਸਰਕਾਰ ਕੋਲੋਂ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 19 ਦੀ ਰਾਮ ਬਸਤੀ ਵਿੱਚ ਹੋਈ ਝੜਪ ਅਤੇ ਤਣਾਅ ਦੌਰਾਨ ਨੌਜਵਾਨ ਯਾਕੂਬ (20) ਡਰ ਕੇ ਭੱਜਣ ਲੱਗਾ ਸੀ। ਇਸੇ ਦੌਰਾਨ ਉਸ ਦਾ ਹੱਥ ਹਾਈ ਵੋਲਟੇਜ ਤਾਰ ਨਾਲ ਛੂਹ ਗਿਆ, ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਸੀ।

