local news: ਜੰਗਲਾਤ ਕਾਮਿਆਂ ਵੱਲੋਂ ਅਧਿਕਾਰੀਆਂ ਖ਼ਿਲਾਫ਼ ਮੁਜ਼ਾਹਰਾ
ਅੱਜ ਸੰਗਰੂਰ ’ਚ ਰੈਲੀ ਕਰ ਕੇ ਜੰਗਲਾਤ ਅਧਿਕਾਰੀਆਂ ਦੇ ਕੱਚੇ ਚਿੱਠੇ ਜਨਤਕ ਕਰਨ ਦਾ ਐਲਾਨ
ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਅੱਜ ਸੂਬਾ ਜਨਰਲ ਸਕੱਤਰ ਵੀਰਪਾਲ ਸਿੰਘ ਲੂੰਬਾ ਅਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਮੀਤ ਪ੍ਰਧਾਨ ਮੇਜਰ ਸਿੰਘ ਬਹੇੜ ਅਤੇ ਕੁਲਵੰਤ ਸਿੰਘ ਥੂਹੀ, ਨਾਭਾ ਦੀ ਅਗਵਾਈ ਹੇਠ ਇੱਥੇ ਜੰਗਲਾਤ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨਾਅਰੇਬਾਜ਼ੀ ਕਰਦੇ ਹੋਏ ਦਫ਼ਤਰ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਮ ’ਤੇ ਦਿੱਤਾ। ਆਗੂਆਂ ਨੇ ਮੰਗ ਪੱਤਰ ’ਚ ਵਣ ਵਿਭਾਗ ਪੰਜਾਬ ਅੰਦਰ ਕੰਮ ਕਰਦੇ ਸਾਰੇ ਕਾਮਿਆਂ ਨੂੰ ਪੱਕਾ ਕਰਨਾ, ਵਿਭਾਗ ਅੰਦਰ ਠੇਕੇਦਾਰੀ ਸਿਸਟਮ ਬੰਦ ਕਰਨਾ ਆਦਿ ਸਣੇ ਹੋਰ ਮੰਗਾਂ ਵੀ ਰੱਖੀਆਂ। ਉਨ੍ਹਾਂ ਵਿਭਾਗ ਦੇ ਨਿੱਜੀਕਰਨ ਵਿਰੁੱਧ ਜੰਗਲਾਤ ਮੰਤਰੀ ਪੰਜਾਬ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਵਿਭਾਗ ਪ੍ਰਤੀ ਸਰਕਾਰ ਦੀ ਸੇਵਾਵਾਂ ਕੇਵਲ ਖਾਨਾਪੂਰਤੀ ਹੀ ਹਨ। ਜੰਗਲਾਤ ਦਾ ਰਕਬਾ ਬਹੁਤ ਘਟਿਆ ਹੈ ਤੇ ਨਾਜਾਇਜ਼ ਕਬਜ਼ੇ ਬਹੁਤ ਜ਼ਿਆਦਾ ਹੋਏ ਹਨ। ਵਣ ਵਿਭਾਗ ਅੰਦਰ ਲੰਮੇ ਸਮੇਂ ਤੋਂ ਕੰਮ ਕਰਦੇ ਕਿਰਤੀ ਕਾਮਿਆਂ ਦਾ ਘਾਣ ਕੀਤਾ ਜਾ ਰਿਹਾ ਹੈ। ਮਨਮਰਜ਼ੀ ਨਾਲ ਠੇਕੇਦਾਰ ਬਣਾ ਕੇ ਕਿਰਤੀ ਕਾਮਿਆਂ ਦੀ ਸਰਵਿਸ ਤੋੜ ਦਿੱਤੀ ਗਈ। ਕਈ ਕਾਮੇ ਕੰਮ ਤੋਂ ਹਟਾ ਦਿੱਤੇ ਗਏ। ਚਹੇਤਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਮੈਨੇਜਮੈਂਟ ਲਗਾਤਾਰ ਵਿਭਾਗੀ ਕਾਮਿਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਮੁਜ਼ਾਹਰਾਕਾਰੀ ਡੀ ਸੀ ਦਫ਼ਤਰ ਤੱਕ ਪੁੱਜੇ, ਐਲਾਨ ਕੀਤਾ ਕਿ ਕਿਰਤੀ ਕਾਮਿਆਂ ਦੇ ਹਿੱਤਾਂ ਦੀ ਰਾਖੀ ਲਈ ਜਥੇਬੰਦੀ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ’ਚ 12 ਮਈ ਨੂੰ ਰੋਸ ਰੈਲੀ ਕਰਕੇ ਜੰਗਲਾਤ ਅਧਿਕਾਰੀਆਂ ਦੇ ਕੱਚੇ ਚਿੱਠੇ ਪ੍ਰਸ਼ਾਸਨਿਕ ਤੇ ਵਿਜੀਲੈਂਸ ਸਾਹਮਣੇ ਪੇਸ਼ ਕੀਤੇ ਜਾਣਗੇ। ਇਸ ਮੌਕੇ ਵੱਡੀ ਗਿਣਤੀ ’ਚ ਯੂਨੀਅਨ ਆਗੂ ਤੇ ਵਰਕਰ ਹਾਜ਼ਰ ਸਨ।

