ਗੁਰਨਾਮ ਸਿੰਘ ਅਕੀਦਾ
ਪਟਿਆਲਾ, 29 ਅਕਤੂਬਰ
ਜੰਗਲਾਤ ਕਾਮਿਆ ਵੱਲੋਂ ਅੱਜ ਸਾਊਥ ਸਰਕਲ ਵਿੱਚ ਆਉਂਦੇ ਕਈ ਸਾਰੇ ਜ਼ਿਲ੍ਹਿਆਂ ਦੇ ਵਣਪਾਲ ਦੇ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਅੱਜ ਇਹ ਐਲਾਨ ਮੁੜ ਦੁਹਰਾਇਆ ਕਿ ਜੇ ਉਨ੍ਹਾਂ ਦੀਆਂ ਮੰਗਾਂ ’ਤੇ ਗ਼ੌਰ ਨਾ ਕੀਤੀ ਗਈ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।
ਜੰਗਲਾਤ ਜਥੇਬੰਦੀ ਦੇ ਮੁੱਖ ਆਗੂ ਜਗਮੋਹਨ ਸਿੰਘ ਨੌਲਖਾ ਨੇ ਦੱਸਿਆ ਕਿ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਸ਼ਾਖਾ ਪਟਿਆਲਾ ਵੱਲੋਂ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੂਸਰੇ ਦਿਨ ਵਿੱਚ ਸ਼ਾਮਲ ਹੋਣ ਤੇ ਵਣਪਾਲ ਦਫ਼ਤਰ ਅੱਗੇ ਅਤੇ ਵਣ ਮੰਡਲ ਦਫ਼ਤਰ ਅੱਗੇ ਅਫ਼ਸਰਸ਼ਾਹੀ ਦਾ ਜ਼ੋਰਦਾਰ ਪਿੱਟ ਸਿਆਪਾ ਕੀਤਾ ਤੇ ਦਿਹਾੜੀਦਾਰ ਕਰਮੀਆਂ ਨੂੰ ਰੈਗੂਲਰ ਕਰਨ ਸਮੇਤ ਤਨਖ਼ਾਹਾਂ ਜਾਰੀ ਕਰਨ ਤੇ ਡਿਪਟੀ ਕਮਿਸ਼ਨਰ ਵੱਲੋਂ ਘੱਟੋ-ਘੱਟ ਉਜ਼ਰਤਾਂ ਵਿੱਚ ਕੀਤਾ ਵਾਧਾ ਤਨਖ਼ਾਹਾਂ ਨਾਲ ਜੋੜਨ ਤੇ ਇਸ ਦਾ ਬਣਦਾ ਸਾਰਾ ਬਕਾਇਆ ਨਗਦ ਰੂਪ ਵਿੱਚ ਦੇਣ ਤੇ ਮੰਗਾਂ ਮੰਨਣ ਦੀ ਮੰਗ ਕੀਤੀ ਤੇ ਮਨਰੇਗਾ ਅਧੀਨ ਕਾਮਿਆਂ ਦੇ ਨਾਂ ’ਤੇ ਅਖੌਤੀ ਆਗੂਆਂ ਨਾਲ ਮਿਲੀ ਭੁਗਤ ਕਰਕੇ ਲੱਖਾਂ ਰੁਪਏ ਫੰਡਜ਼ ਜਾਅਲੀ ਖਾਤਿਆਂ ’ਚ ਪਾ ਕੇ ਕਥਿਤ ਹਿੱਸਾ-ਪਤੀ ਕਰਨ ਦੇ ਵੀ ਦੋਸ਼ ਲਗਾਏ ਤੇ ਮੰਗ ਕੀਤੀ ਕਿ ਇਸ ਦੀ ਪੜਤਾਲ ਕੀਤੀ ਜਾਵੇ ਤੇ ਅਸਲ ਮਨਰੇਗਾ ਕਾਮਿਆਂ ਨੂੰ ਤਨਖ਼ਾਹਾਂ ਜਾਰੀ ਕੀਤੀਆਂ ਜਾਣ। ਜਿਨ੍ਹਾਂ ਦੀਆਂ ਸੂਚੀਆਂ ਵਣ ਰੇਂਜ ਵਿਚਲੇ ਯੂਨੀਅਨ ਆਗੂਆਂ ਨੇ ਵਣ ਮੰਡਲ ਦਫ਼ਤਰ ਤੇ ਵਣ ਰੇਂਜ ਦਫ਼ਤਰਾਂ ਨੂੰ ਪਹਿਲਾਂ ਹੀ ਦਿੱਤੀਆਂ ਹੋਈਆਂ ਹਨ। ਰੈਲੀ ’ਚ ਵਣਪਾਲ ਤੋਂ ਮੰਗ ਕੀਤੀ ਕਿ ਜਾਅਲੀ ਅਦਾਇਗੀਆਂ ਨੂੰ ਰੋਕਿਆ ਜਾਵੇ ਤੇ ਹੱਕਦਾਰਾਂ ਨੂੰ ਅਦਾਇਗੀਆਂ ਦਾ ਭੁਗਤਾਨ ਕੀਤਾ ਜਾਵੇ। ਅੱਜ ਦੀ ਭੁੱਖ ਹੜਤਾਲ ਤੇ ਦੇਸ਼ ਰਾਜ ਸਮਾਣਾ ਅਤੇ ਸਤਪਾਲ ਸਮਾਣਾ ਰੇਂਜ ਤੋਂ ਬੈਠੇ।
ਭੁੱਖ ਹੜਤਾਲੀ ਕੈਂਪ ਅੱਗੇ ਹੋਈ ਰੈਲੀ ’ਚ ਆਗੂਆਂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ ਨੋਲੱਖਾ, ਕੁਲਵਿੰਦਰ ਸਿੰਘ ਕਾਲਵਾ, ਤਰਲੋਚਨ ਮਾੜੂ, ਦਰਸ਼ਨ ਸਿੰਘ ਮੱਲੇਵਾਲ, ਬਲਵਿੰਦਰ ਸਿੰਘ ਨਾਭਾ, ਤਰਲੋਚਨ ਸਿੰਘ ਮੰਡੋਲੀ ਰਾਜਪੁਰਾ, ਗੁਰਮੇਲ ਸਿੰਘ ਸਮਾਣਾ ਨੇ ਐਲਾਨ ਕੀਤਾ ਕਿ ਭੁੱਖ-ਹੜਤਾਲੀ ਤਨਖ਼ਾਹਾਂ ਜਾਰੀ ਕਰਨ ਤੇ ਜੰਗਲਾਤ ’ਚ ਹੋ ਰਹੀਆਂ ਬੇਨਿਯਮਾਂ ਨੂੰ ਨੱਥ ਪਾਉਣ ਤੱਕ ਜਾਰੀ ਰੱਖੀ ਜਾਵੇਗੀ।