ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਅਗਸਤ
ਦੇਸ਼ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ’ਚ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਹੋਈ। ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਤੇ ਐੱਸਪੀ (ਡੀ) ਹਰਮੀਤ ਸਿੰਘ ਹੁੰਦਲ ਨੇ ਰਿਹਰਸਲ ਦਾ ਜਾਇਜ਼ਾ ਲਿਆ। ਇਸ ਮੌਕੇ ਏਡੀਸੀ ਨੇ ਦੱਸਿਆ ਕਿ ਪਟਿਆਲਾ ’ਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਜ਼ਿਲ੍ਹਾ ਵਾਸੀਆਂ ਦੇ ਨਾਂ ਆਪਣਾ ਸੰਦੇਸ਼ ਜਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਕੋਵਿਡ-19 ਕਰਕੇ ਇਹ ਸਮਾਗਮ ਬਿਲਕੁਲ ਸਾਦਾ ਅਤੇ ਸੰਖੇਪ ਹੋਵੇਗਾ। ਇਸ ਲਈ ਆਮ ਲੋਕ ਆਪਣੇ ਘਰਾਂ ’ਚ ਹੀ ਰਹਿਣ ਨੂੰ ਤਰਜੀਹ ਦੇਣ। ਫੁੱਲ ਡਰੈੱਸ ਰਿਹਰਸਲ ਦੌਰਾਨ ਪਰੇਡ ਕਮਾਂਡਰ ਡੀਐੱਸਪੀ ਸਿਟੀ-1 ਯੁਗੇਸ਼ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਦੀਆਂ ਦੋ ਟੁੱਕੜੀਆਂ, ਪੰਜਾਬ ਪੁਲੀਸ ਮਹਿਲਾ ਵਿੰਗ ਦੀ ਇੱਕ ਟੁੱਕੜੀ ਸਮੇਤ ਆਈਆਰਬੀ ਦੇ ਬੈਂਡ ਦੀ ਟੁੱਕੜੀ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ। ਸਮਾਗਮ ਦੇ ਅੰਤ ’ਚ ਸਰਕਾਰੀ ਕਾਲਜ ਲੜਕੀਆਂ ਦੇ ਅਧਿਆਪਨ ਸਟਾਫ਼ ਨੇ ਰਾਸ਼ਟਰੀ ਗੀਤ ਗਾਇਆ। ਏਡੀਸੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਕੋਵਿਡ ਕਰਕੇ ਇਸ ਵਾਰ ਆਜ਼ਾਦੀ ਘੁਲਾਟੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਘਰ ਜਾ ਕੇ ਹੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ।
ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਅੱਜ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਹਰਿੰਦਰ ਕੌਰ ਨੇ ਦੱਸਿਆ ਕਿ 12ਵੀਂ ਦੇ ਨਤੀਜਿਆਂ ’ਚ 98 ਫੀਸਫ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ’ਚ ਤਰਨਵੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਨੌਰ, ਆਸ਼ਾ ਦੇਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਈਪੁਰ, ਅਰਸ਼ਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਕਸੀ ਸੈਣੀਆਂ, ਹਰਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਰਾਜਪੁਰਾ, ਸਵੀਨ ਐੱਨਟੀਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ, ਸੋਨਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਓਲਡ ਪੁਲੀਸ ਲਾਈਨ ਪਟਿਆਲਾ, ਸਵਰਨਜੀਤ ਕੌਰ ਤੇ ਸਤਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰਨ, ਸੰਗਮਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਬੀਪੁਰ ਦਾ ਅੱਜ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ’ਚ ਸਨਮਾਨ ਕੀਤਾ ਜਾਵੇਗਾ।