ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਸਤੰਬਰ
ਪਟਿਆਲਾ ਦਿਹਾਤੀ ਹਲਕੇ ਦੇ ਪਿੰਫ ਮੰਡੌੜ ਵਿੱਚ ਦਲਿਤਾਂ ਪਰਿਵਾਰਾਂ ਲਈ ਰਾਖਵੀਂ ਸ਼ਾਮਲਾਟ ਜ਼ਮੀਨ ਦੀ ਡੰਮੀ ਬੋਲੀ ਦੇ ਮਾਮਲੇ ਨੂੰ ਲੈ ਕੇ ਪਿੰਡ ਦੇ ਦਲਿਤ ਪਰਿਵਾਰਾਂ ਵੱਲੋਂ ਜ਼ਮੀਨ ਪ੍ਰ੍ਰਾਪਤੀ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਪਟਿਆਲਾ ਸ਼ਹਿਰ ’ਚ ਜੇਲ੍ਹ ਰੋਡ ’ਤੇ ਲਾਇਆ ਪੱਕਾ ਮੋਰਚਾ ਅੱਜ ਵੀਹਵੇਂ ਦਿਨ ਸਮਾਪਤ ਹੋ ਗਿਆ। ਭਾਵੇਂ ਕਿ ਇਸ ਦੌਰਾਨ ਇਨ੍ਹਾਂ ਗਰੀਬ ਪਰਿਵਾਰਾਂ ਨੇ ਇੱਥੇ ਮੱਛਰ ਤੇ ਗਰਮੀ ਦੇ ਚੱਲਦਿਆਂ ਡਾਢੀਆਂ ਮੁਸ਼ਕਲਾਂ ਝੱਲੀਆਂ ਹਨ, ਪਰ ਉਹ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਭਰੋਸੇ ਦਿੱਤੇ ਤੋਂ ਬਿਨਾਂ ਇੱਥੋਂ ਨਾ ਉੱਠਣ ਦਾ ਅਹਿਦ ਲਿਆ ਸੀ ਜਿਸ ’ਤੇ ਉਨ੍ਹਾਂ ਨੇ ਸ਼ਿਦਤ ਨਾਲ ਪਹਿਰਾ ਦਿੱਤਾ। ਇਸ ਦੇ ਚੱਲਦਿਆਂ ਹੀ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਉਨ੍ਹਾਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਹੀ ਇਹ ਧਰਨਾ ਸਮਾਪਤ ਕੀਤਾ ਗਿਆ।
ਉਂਜ ਕਮੇਟੀ ਦੇ ਆਗੂ ਮੰਨਦੇ ਹਨ ਕਿ ਉਨਾਂ ਦੀ ਇਸ ਮੰਗ ਨੂੰ ਮੰਨਵਾਓਣ ਲਈ ਐੱਸਐੱਸਪੀ ਵਰੁਣ ਸ਼ਰਮਾ ਦਾ ਵੀ ਅਹਿਮ ਯੋਗਦਾਨ ਹੈ ਜਿਨ੍ਹਾਂ ਦੇ ਯਤਨਾ ਸਦਕਾ ਪਹਿਲਾਂ ਉਨ੍ਹਾਂ ਦੀ ਸਿਹਤ ਮੰਤਰੀ ਦੇ ਨਾਲ ਮੀਟਿੰਗ ਹੋਈ। ਫੇਰ ਮੰਤਰੀ ਵੱਲੋਂ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਦੀ ਲਾਈ ਗਈ ਡਿਊਟੀ ਕਾਰਨ ਉਨ੍ਹਾਂ ਦੀ ਕੁਝ ਮਸਲਿਆਂ ’ਤੇ ਮੁਢਲੇ ਤੌਰ ’ਤੇ ਆਪਸੀ ਸਹਿਮਤੀ ਬਣੀ। ਇਸ ਮਗਰੋਂ ਹੀ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਧਰਨੇ ’ਚ ਪਹੁੰਚ ਕੇ ਉਨ੍ਹਾ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਇਸ ਮਗਰੋਂ ਹੀ ਧਰਨਾ ਸਮਾਪਤ ਕਰਨ ਲਈ ਰਾਹ ਪੱਧਰਾ ਹੋਇਆ। ਅੱਜ ਕਮੇਟੀ ਦੇ ਆਗੂਆਂ ਨੇ ਐੱਸਐੱਸਪੀ ਵਰੁਣ ਸ਼ਰਮਾ ਅਤੇ ਡੀਐੱਸਪੀ ਜਸਵਿੰਦਰ ਟਿਵਾਣਾ ਸਮੇਤ ਪੰਚਾਇਤ ਵਿਭਾਗ ਦੇ ਅਧਿਕਾਰੀ ਵਿਨੋਦ ਗਾਗਟ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਯਕੀਨੀ ਬਣਵਾਓਣ ਲਈ ਆਪੋ ਆਪਣੇ ਪੱਧਰ ’ਤੇ ਅਹਿਮ ਭੂਮਿਕਾ ਨਿਭਾਈ। ਇਸ ਆਗੂ ਦਾ ਕਹਿਣਾ ਸੀ ਕਿ ਇਸ ਵਾਰ ਉਨ੍ਹਾਂ ਪ੍ਰਤੀ ਪੁਲੀਸ ਦੀ ਭੂਮਿਕਾ ਵੀ ਉਸਾਰੂ ਰਹੀ।
ਧਰਨੇ ਦੀ ਸਫਲਤਾ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ, ਧਰਮਪਾਲ, ਧਰਮਵੀਰ ਸਮੇਤ ਕਈ ਹੋਰਨਾ ਨੇ ਵੀ ਅਹਿਮ ਯੋਗਦਾਨ ਪਾਇਆ। ਇਸ ਤੋਂ ਇਨਾਵਾ ਭਰਾਤਰੀ ਜਥੇਬੰਦੀਆਂ ਵਿੱਚੋਂ ਅਮਨਦੀਪ ਕੌਰ ਦਿਓਲ, ਅਧਿਆਪਕ ਆਗੂ ਵਿਜੈ ਦੇਵ ਸਿੰਘ, ਗਗਨ ਰਾਣੁ, ਅਤਿੰਦਰਪਾਲ ਸਿੰਘ, ਕਿਸਾਨ ਆਗੂ ਭੁਪਿੰਦਰ ਲੌਂਗੋਵਾਲ਼, ਅਤੇ ਪਰਮਜੀਤ ਕੌਰ ਲੌਂਗੋਵਾਲ਼ ਸਮੇਤ ਕਈ ਹੋਰਨਾ ਦੇ ਨਾਮ ਵੀ ਸ਼ਾਮਲ ਹਨ।
ਮੁਕੇਸ਼ ਮਲੌਦ, ਧਰਮਪਾਲ, ਧਰਮਵੀਰ ਨੇ ਕਿਹਾ ਕਿ ਮੰਡੋੜ ਵਿਚ ਪੰਚਾਇਤੀ ਜ਼ਮੀਨ ਦੀ ਕੀਤੀ ਡੰਮੀ ਬੋਲੀ ਰੱਦ ਕਰਾਉਣ ਅਤੇ ਜੇਲੀਂ ਡੱਕੇ ਸਾਥੀਆਂ ਦੀ ਰਿਹਾਈ ਲਈ ਵਿਧਾਨ ਸਭਾ ਦੀ ਸਬ-ਕਮੇਟੀ ਦੁਆਰਾ ਡਿਵੀਜ਼ਨਲ ਡਿਪਟੀ ਡਾਇਰੈਕਟਰ ਦੀ ਅਗਵਾਈ ਵਿਚ ਇਸ ਮਸਲੇ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਸਮਝੌਤੇ ਵਿੱਚ ਸਹਿਮਤੀ ਬਣੀ ਕਿ ਝੋਨਾ ਵੱਢਣ ਤੋਂ ਬਾਅਦ ਕਣਕ ਲਾਉਣ ਲਈ ਦਲਿਤਾਂ ਨੂੰ 14 ਏਕੜ ਜ਼ਮੀਨ ਅਤੇ ਅਗਲੇ ਸਾਲ ਇਸ ਜ਼ਮੀਨ ਦੀ ਪਲਾਟਬੰਦੀ ਕਰਕੇ ਸਾਰੇ ਪਰਿਵਾਰਾਂ ਨੂੰ ਜ਼ਮੀਨ ਦਿੱਤੀ ਜਾਵੇਗੀ। ਇਸ ਘੋਲ ਦੌਰਾਨ ਜੇਲ੍ਹ ਭੇਜੇ ਸਾਥੀਆਂ ਦੀ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇਗੀ ਅਤੇ ਮੰਡੋੜ ਦੇ 250 ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਸਨਅਤ ਪੱਤਰ ਜਾਰੀ ਕਰਕੇ ਮਾਲਕੀ ਹੱਕ ਦਿੱਤੇ ਜਾਣਗੇ।