ਜਲ ਸਰੋਤ ਦੇ ਪੁਨਰਗਠਨ ਖ਼ਿਲਾਫ਼ ਮੈਦਾਨ ਵਿੱਚ ਨਿੱਤਰੇ ਫੀਲਡ ਕਾਮੇ

ਜਲ ਸਰੋਤ ਦੇ ਪੁਨਰਗਠਨ ਖ਼ਿਲਾਫ਼ ਮੈਦਾਨ ਵਿੱਚ ਨਿੱਤਰੇ ਫੀਲਡ ਕਾਮੇ

ਪਟਿਆਲਾ ’ਚ ਰੋਸ ਪ੍ਰਦਰਸ਼ਨ ਕਰਦੇ ਹੋਏ ਫੀਲਡ ਕਾਮੇ।

ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਅਗਸਤ

ਜਲ ਸਰੋਤ ਵਿਭਾਗ ਦੇ ਪੁਨਰਗਠਨ ਦੀ ਆੜ ਵਿੱਚ ਹਜ਼ਾਰਾਂ ਪੋਸਟਾਂ ਖਤਮ ਕਰਨ ਦੀ ਨਿੰਦਾ ਕਰਦਿਆਂ, ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਲਗਾਤਾਰ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾਈ ਪ੍ਰਧਾਨ ਦਰਸ਼ਨ ਬੇਲੂਮਾਜਰਾ, ਚੇਅਰਮੈਨ ਮਨਜੀਤ ਸਿੰਘ ਸੈਣੀ, ਜਨਰਲ ਸਕੱਤਰ ਮੱਖਣ ਸਿੰਘ ਵਹਿਦਪੁਰੀ ਤੇ ਖਜਾਨਚੀ ਗੁਰਵਿੰਦਰ ਖਮਾਣੋ ਦਾ ਕਹਿਣਾ ਸੀ ਕਿ ਇਸੇ ਕੜੀ ਵਜੋਂ 17 ਤੇ 18 ਅਗਸਤ ਨੂੰ ਜਲ ਸਰੋਤ ਕਾਮੇ ਇਸ ਫੈਸਲੇ ਨੂੰ ਮੋੜਾ ਦੇਣ ਲਈ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਸ਼ੁਰੂ ਕਰਨਗੇ।

ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਅਸਾਮੀਆਂ ਖ਼ਤਮ ਕਰਨ ਵਾਲਾ ਕਦਮ ਚੁੱਕਣਾ ਹੋਰ ਵੀ ਨਿੰਦਣਯੋਗ ਹੈ, ਕਿਉਂਕਿ ਜਿੱਥੇ ਜਲ ਸਰੋਤ ਕਾਮਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਪੀਣ ਯੋਗ ਅਤੇ ਖੇਤੀ ਲਈ ਪਾਣੀ ਮੁਹੱਈਆ ਕਰਾਉਂਦਾ ਹੈ, ਉੱਥੇ ਹੀ ਹੜ੍ਹਾਂ, ਦੇ ਸਮੇਂ ਵੀ ਸਭ ਤੋਂ ਮੂਹਰੇ ਹੋ ਕੇ ਕੰਮ ਕਰਦਾ ਹੈ। ਪਰ ਸਰਕਾਰ ਵੱਲੋਂ 24263 ਪੋਸਟਾਂ ਵਿੱਚੋਂ 8657 ਪੋਸਟਾਂ ਖਤਮ ਕਰਕੇ ਇਸ ਵਿਭਾਗ ਦੀ ਰੀੜ੍ਹ ਦੀ ਹੱਡੀ ਤੋੜਨ ਵਾਲਾ ਕੰਮ ਕੀਤਾ ਹੈ। ਜਿਸ ਨੂੰ ਪੰਜਾਬ ਦੇ ਲੋਕ ਤੇ ਮੁਲਾਜ਼ਮ ਕਦਾਚਿਤ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਲਈ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ 17 ਅਗਸਤ ਨੂੰ ਜਿੱਥੇ ਪੰਜਾਬ ਦੀਆਂ ਸਮੁੱਚੀਆਂ ਡਵੀਜ਼ਨਾਂ ਅੱਗੇ ਧਰਨੇ ਦਿੱਤੇ ਜਾਣਗੇ, ਉਸ ਦੇ ਨਾਲ ਹੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਿੰਚਾਈ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਵੀ ਮਾਰਿਆ ਜਾਵੇਗਾ। ਜਦੋਂਕਿ ਪਟਿਆਲਾ ਤੇ ਮੁਹਾਲੀ ਵਾਲੇ ਸਾਥੀ ਮੁੱਖ ਇੰਜਨੀਅਰ ਅਸ਼ਵਨੀ ਕਾਂਸਲ ਦੇ ਦਫ਼ਤਰਾਂ ਤੇ ਰਿਹਾਇਸ਼ਾਂ ਅੱਗੇ ਧਰਨਾ ਲਗਾਉਣਗੇ। ਇਸੇ ਤਰ੍ਹਾਂ 18 ਅਗਸਤ ਨੂੰ ਸਮੁੱਚੀਆਂ ਨਹਿਰਾਂ ਦਾ ਕੰਮ ਬੰਦ ਕਰਕੇ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ। ਅੱਜ ਭੜਕੇ ਕਾਮਿਆਂ ਨੇ ਮੁੱਖ ਇੰਜਨੀਅਰ ਜਲ ਸਰੋਤ ਦੇ ਦਫਤਰ ਅੱਗੇ ਨਾਅਰੇਬਾਜ਼ੀ ਕੀਤੀ।

ਅੱਜ ਦੀ ਇਸ ਇਕੱਤਰਤਾ ਵਿੱਚ ਜ਼ੋਨ ਪ੍ਰਧਾਨ ਜਸਵੀਰ ਸਿੰਘ ਖੋਖਰ, ਹਰਪ੍ਰੀਤ ਗਰੇਵਾਲ, ਬਲਬੀਰ ਚੰਦ ਸੈਣੀ, ਸੁਖਦੇਵ ਸਿੰਘ ਚੰਗਿਆਲੀਵਾਲਾ, ਜਨਕ ਮਾਨਸਾ, ਦਰਸ਼ਨ ਸਹਿਣਾ, ਛੱਜੂ ਰਾਮ, ਗੁਰਦੀਪ ਸਿੰਘ ਬਠਿੰਡਾ, ਕਿਸ਼ੋਰ ਚੰਦ ਗਾਜ ਤੇ ਬਲਵਿੰਦਰ ਮੰਡੋਲੀ, ਪ੍ਰਕਾਸ਼ ਘਨੌਰ ਆਦਿ ਆਗੂ ਵੀ ਹਾਜ਼ਰ ਸਨ। ਜਿਸ ਦੌਰਾਨ ਮੁਲਾਜ਼ਮਾਂ ਨੇ ਅਹਿਦ ਲਿਆ ਕਿ ਉਹ ਸਰਕਾਰ ਦੇ ਇਸ ਫੈਸਲੇ ਨੂੰ ਵਾਪਸ ਕਰਵਾਉਣ ਲਈ ਤਿੱਖੇ ਸੰਘਰਸ਼ ਕਰਨ ਲਈ ਤਿਆਰ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All