ਝੋਨੇ ਦੀ ਮਸ਼ੀਨੀ ਲਵਾਈ ਬਾਰੇ ਖੇਤ ਪ੍ਰਦਰਸ਼ਨੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸੰਗਰੂਰ ਜ਼ਿਲ੍ਹੇ ਵਿੱਚ ਝੋਨੇ ਦੀ ਮਸ਼ੀਨੀ ਲਵਾਈ ਨੂੰ ਹੁਲਾਰਾ ਦੇਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਫਾਰਮ ਉੱਤੇ ਝੋਨੇ ਦੀ ਮਸ਼ੀਨੀ ਲਵਾਈ ਲਈ ਵਿਧੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ 30 ਅਗਾਂਹਵਧੂ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਪ੍ਰਦਰਸ਼ਨੀ ਮੌਕੇ ਡਾ.. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕਿਸਾਨਾਂ ਨੂੰ ਝੋਨੇ ਦੀ ਮਸ਼ੀਨੀ ਲਵਾਈ ਦੇ ਫ਼ਾਇਦਿਆਂ ਬਾਰੇ ਦੱਸਿਆ। ਡਾ. ਸੁਨੀਲ ਕੁਮਾਰ ਅਤੇ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਇਸ ਸਾਲ ਪੀਏਯੂ ਮੈਟ ਟਾਈਪ ਨਰਸਰੀ ਸੀਡਰ ਨਾਲ ਜ਼ਿਲ੍ਹਾ ਸੰਗਰੂਰ ਦੇ ਕਈ ਪਿੰਡਾਂ ਜਿਵੇਂ ਕਿ ਪੰਨਵਾ, ਫ਼ਤਹਿਗੜ੍ਹ ਭਾਦਸੋਂ, ਕਾਕੜਾ, ਆਲੋਅਰਖ, ਸਕਰੋਦੀ, ਚੱਠਾ ਨਕਟਾ, ਲਖਮੀਰਵਾਲਾ ਅਤੇ ਘਾਬਦਾਂ ਵਿੱਚ ਮੈਟ ਟਾਈਪ ਨਰਸਰੀ ਦੀਆਂ 30 ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਹਨ। ਇਸ ਮੌਕੇ. ਜਸ਼ਨਦੀਪ ਸਿੰਘ ਸਿੱਧੂ, ਜਗਦੀਪ ਸਿੰਘ, ਗੁਰਮੀਤ ਸਿੰਘ, ਦਰਬਾਰਾ ਸਿੰਘ, ਚਮਕੌਰ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਹਾਜ਼ਰ ਸਨ।