ਕਿਸਾਨਾਂ ਦੇ ‘ਦਿੱਲੀ ਚਲੋ’ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਟੌਲ ਪਲਾਜ਼ਿਆਂ, ਪੈਟਰੋਲ ਪੰਪਾਂ ’ਤੇ ਕਿਸਾਨਾਂ ਦੇ ਧਰਨੇ ਜਾਰੀ; ਵੱਖ ਵੱਖ ਜਥੇਬੰਦੀਆਂ ਦੇ ਰਹੀਆਂ ਨੇ ਹਮਾਇਤ

ਕਿਸਾਨਾਂ ਦੇ ‘ਦਿੱਲੀ ਚਲੋ’ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਸਰਬਜੀਤ ਸਿੰਘ ਭੰਗੂ

ਪਟਿਆਲਾ, 22 ਨਵੰਬਰ

ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਦੌਰਾਨ ਕਿਸਾਨ ਧਿਰਾਂ ਵੱਲੋਂ 26 ਨੂੰ ਦਿੱਲੀ ਜਾਣ ਦੇ ਦਿੱਤੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਸੂਬਾਈ ਕਾਫ਼ਲਾ ਉਸੇ ਦਿਨ ਪਟਿਆਲਾ ਜ਼ਿਲ੍ਹੇ ਦੇ ਰਾਮਨਗਰ ਸਥਿਤ ਬੈਰੀਅਰ ਤੋਂ ਹੁੰਦਾ ਹੋਇਆ ਚੀਕਾ ਰਾਹੀਂ ਹਰਿਆਣਾ ਵਿੱਚ ਪ੍ਰਵੇਸ਼ ਕਰੇਗਾ। ਇਹ ਫ਼ੈਸਲਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਅਗਵਾਈ ਹੇਠ ਅੱਜ ਇੱਥੇ ਪਸਿਆਣਾ ਪੁਲਾਂ ’ਤੇ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਦੌਰਾਨ ਯੂਨੀਅਨ ਦੀ ਸੂਬਾਈ ਲੀਡਰਸ਼ਿਪ ਦੇ ਨੁਮਾਇੰਦੇ ਵੀ ਸ਼ਾਮਲ ਹੋਏ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਨੇ ਦੱੱਸਿਆ ਕਿ 30 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦਿੱਲੀ ਘੇਰਨ ਲਈ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਲਈ ਯੂਨੀਅਨ ਦੇ ਪੰਜਾਬ ਭਰ ਦੇ ਆਗੂ ਅਤੇ ਹੋਰ ਕਾਰਕੁਨ ਪਹਿਲਾਂ ਪਟਿਆਲਾ-ਚੀਕਾ ਰੋਡ ’ਤੇ ਸਥਿਤ ਨਵਾਂ ਗਾਓਂ ਮੰਡੀ ਵਿੱਚ ਇਕੱਤਰ ਹੋਣਗੇ ਤੇ ਫਿਰ ਚੀਕਾ ਗੂਹਲਾ ਤੋਂ ਹਰਿਆਣਾ ਵਿੱਚ ਦਾਖ਼ਲ ਹੋ ਕੇ ਦਿੱਲੀ ਜਾਣਗੇ। ਕਿਸਾਨਾਂ ਦੇ ਟਰਾਲੀਆਂ ਵਾਲੇ ਕਾਫ਼ਲੇ 25 ਨਵੰਬਰ ਨੂੰ ਹੀ ਨਵਾਂ ਗਾਓਂ ਮੰਡੀ ਵਿੱਚ ਇਕੱਠੇ ਹੋਣੇ ਸ਼ੁਰੂ ਹੋਣਗੇ ਤੇ 26 ਨਵੰਬਰ ਨੂੰ ਸਵੇਰੇ ਅੱਠ ਵਜੇ ਦਿੱਲੀ ਨੂੰ ਕੂਚ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਨਵਾਂ ਗਾਓਂ ਮੰਡੀ ਵਿੱਚ ਰੁਕਣ ਦਾ ਸਾਰਾ ਪ੍ਰਬੰਧ ਯੂਨੀਅਨ ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਜਨਰਲ ਸਕੱਤਰ ਗੁਰਬਚਨ ਸਿੰਘ ਸੰਧਨੌਲੀ, ਸੀਨੀਅਰ ਮੀਤ ਪ੍ਰਧਾਨ ਮੁਖਤਿਆਰ ਸਿੰਘ ਦੁੱਲੜ, ਮੀਤ ਪ੍ਰਧਾਨ ਬਬਲੀ ਸਿੰਘ, ਭੁਪਿੰਦਰ ਸਿੰਘ, ਪ੍ਰੈੱਸ ਸਕੱਤਰ ਮਨਜਿੰਦਰ ਸਿੰਘ, ਗੁਰਨਾਮ ਸਿੰਘ, ਅਜਾਇਬ ਸਿੰਘ ਹਾਜ਼ਰ ਸਨ।

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਪੈਂਦ ਟੌਲ ਪਲਾਜ਼ੇ ’ਤੇ ਲਾਇਆ ਧਰਨਾ ਅੱਜ 49ਵੇਂ ਦਿਨ ਵੀ ਜਾਰੀ ਰਿਹਾ। ਯੂਨੀਅਨ ਦੇ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਕਿਹਾ ਕਿ ਕੇਂਦਰ ਵੱਲੋਂ ਅਪਣਾਇਆ ਜਾ ਰਿਹਾ ਵਤੀਰਾ ਕਿਸਾਨ ਵਿਰੋਧੀ ਹੈ। ਇਸ ਮੌਕੇ ਹਰਭਜਨ ਸਿੰਘ ਧੂਹੜ, ਸਾਹਿਬ ਸਿੰਘ ਦੁਤਾਲ, ਨਰਾਤਾ ਸਿੰਘ ਹਾਜ਼ਰ ਸਨ।ੋ

ਲ਼ਹਿਰਾਗਾਗਾ (ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਾਇੰਸ ਪੰਪ ਲਹਿਲ ਖੁਰਦ (ਲਹਿਰਾਗਾਗਾ) ਅੱਗੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ 53ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਬੀਬੀਆਂ ਅਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਨੇ ਕਿਹਾ ਕਿ ਆਪਣੇ ਕਿੱਤੇ ਨੂੰ ਬਚਾਉਣ ਖਾਤਰ ਵੱਡੇ ਕਾਫਲੇ ਦਿੱਲੀ ਵੱਲ ਵਹੀਰਾਂ ਘੱਤਣਗੇ, ਜਿਸ ਦੀ ਤਿਆਰੀ ਵਾਸਤੇ ਪਿੰਡਾਂ ਵਿੱਚੋਂ ਰਾਸ਼ਨ ਇੱਕਠਾ ਕੀਤਾ ਜਾ ਰਿਹਾ ਹੈ। ਅੱਜ ਦੇ ਧਰਨੇ ਨੂੰ ਜਨਕ ਭੂਟਾਲ, ਦਰਸ਼ਨ ਚੰਗਾਲੀਵਾਲਾ, ਬਹਾਲ ਸਿੰਘ, ਕਰਨੈਲ ਗਨੌਟਾ, ਬਹਾਦਰ, ਰਾਮ ਸਿੰਘ ਨੇ ਸੰਬੋਧਨ ਕੀਤਾ।

ਰਾਜਪੁਰਾ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ’ਤੇ ਕਿਸਾਨਾਂ ਵੱਲੋਂ ਨਾਭਾ ਪਾਵਰ ਥਰਮਲ ਪਲਾਂਟ ਰਾਜਪੁਰਾ, ਸ਼ੰਭੂ ਰੇਲਵੇ ਸਟੇਸ਼ਨ ਦੇ ਬਾਹਰ ਅਤੇ ਰਾਜਪੁਰਾ-ਅੰਬਾਲਾ ਜੀ.ਟੀ ਰੋਡ ’ਤੇ ਰਿਲਾਇੰਸ ਪੈਟਰੋਲ ਪੰਪ ਪਿੰਡ ਬਪਰੌਰ ਵਿੱਚ ਧਰਨੇ ਅੱਜ ਵੀ ਜਾਰੀ ਰਹੇ। ਇਨ੍ਹਾਂ ਧਰਨਿਆਂ ਦੀ ਅਗਵਾਈ ਗੁਲਜ਼ਾਰ ਸਿੰਘ, ਗੁਰਬਖਸ਼ ਸਿੰਘ, ਭਗਵਾਨ ਸਿੰਘ, ਤੇਜਿੰਦਰ ਸਿੰਘ ਅਤੇ ਜਸਪਾਲ ਰਾਜਗੜ੍ਹ ਨੇ ਕੀਤੀ। ਕੌਮਾਂਤਰੀ ਕਬੱਡੀ ਖਿਡਾਰੀ ਮਨਿੰਦਰਜੀਤ ਸਿੰਘ ਵਿੱਕੀ, ਕਰਨੈਲ ਸਿੰਘ ਬੋਸਰ, ਗੁਰਦੀਪ ਸਿੰਘ, ਗੁਰਜੀਤ ਸਿੰਘ ਸਮੇਤ ਹੋਰ ਜਥੇਬੰਦੀਆਂ ਦੇ ਕਾਰਕੁਨ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਲਈ ਧਰਨਿਆਂ ਵਿੱਚ ਸ਼ਾਮਿਲ ਹੋਏ। ਕਿਸਾਨ ਆਗੂਆਂ ਨੇ ਆਖਿਆ ਕਿ ਮਾਲਗੱਡੀਆਂ ਤੇ ਮੁਸਾਫਿਰ ਰੇਲਗੱਡੀਆਂ ਚਲਾਉਣ ਦੀ ਦੋ ਹਫਤੇ ਲਈ ਛੋਟ ਦਿੱਤੀ ਗਈ ਹੈ ਅਤੇ ਮੋਦੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਦੋ ਹਫਤਿਆਂ ਦੌਰਾਨ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਖੇਤੀ ਕਾਨੂੰਨ ਰੱਦ ਕੀਤੇ ਜਾਣ।

ਟੌਲ ਪਲਾਜ਼ਾ ਮਾਹੋਰਾਣਾ ’ਤੇ ਧਰਨੇ ਵਿੱਚ ਗਾਇਕਾਂ ਨੇ ਲਵਾਈ ਹਾਜ਼ਰੀ

ਅਮਰਗੜ੍ਹ (ਰਜਿੰਦਰ ਜੈਦਕਾ): ਕਿਸਾਨਾਂ ਵੱਲੋਂ ਟੌਲ ਪਲਾਜ਼ਾ ਮਾਹੋਰਾਣਾ ਵਿੱਚ ਲਗਾਏ ਧਰਨੇ ਦੇ 46ਵੇਂ ਦਿਨ ਅੱਜ ਪੰਜਾਬੀ ਗਾਇਕ ਕਨਵਰ ਗਰੇਵਾਲ ਤੇ ਦਿਲਸ਼ਾਦ ਜਮਾਲਪੁਰੀ ਨੇ ਪੁੱਜ ਕੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਕਿਸਾਨ ਆਗੂਆਂ ਨੇ 25 ਨਵੰਬਰ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਸਮਾਜ ਸੇਵਕ ਲੱਖਾ ਸਿਧਾਣਾ, ਸਤਵੀਰ ਸਿੰਘ, ਭੁਪਿੰਦਰ ਸਿੰਘ, ਜਗਤਾਰ ਸਿੰਘ, ਬਲਬੀਰ ਸਿੰਘ, ਨੇਤਰ ਸਿੰਘ ਨੇ ਖੇਤੀ ਕਾਨੂੰਨ ਖ਼ਿਲਾਫ਼ ਰੋਸ ਜ਼ਾਹਿਰ ਕੀਤਾ।

ਕੇਂਦਰ ਦਾ ਅੜੀਅਲ ਵਤੀਰਾ ਦੇਸ਼ ਨੂੰ ਆਰਥਿਕ ਸੱਟ ਮਾਰ ਰਿਹੈ: ਨਿਹਾਲਗੜ੍ਹ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੀ ਜ਼ਿਲ੍ਹਾ ਕੌਂਸਲ ਪਟਿਆਲਾ ਦੀ ਮੀਟਿੰਗ ਕਿਸਾਨ ਆਗੂ ਗੁਰਵਿੰਦਰ ਸਿੰਘ ਧੂੰਮਾਂ ਅਤੇ ਅਮਰਜੀਤ ਸਿੰਘ ਦੁਗਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਬਲਦੇਵ ਸਿੰਘ ਨਿਹਾਲਗੜ੍ਹ ਅਤੇ ਸੂਬਾ ਮੀਤ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ ਨੇ ਸ਼ਮੂਲੀਅਤ ਕੀਤੀ ਤੇ ਦਿੱਲੀ ਅੰਦੋਲਨ ਦੀਆਂ ਤਿਆਰੀਆਂ ਸਬੰਧੀ ਰੂਪ-ਰੇਖਾ ਤਿਆਰ ਕਰਦਿਆਂ ਵਿਚਾਰ ਵਟਾਂਦਰਾ ਕੀਤਾ ਗਿਆ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਬਲਦੇਵ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਵੱਡਾ ਆਰਥਿਕ ਘਾਟਾ ਪੈ ਰਿਹਾ ਹੈ। ਕਾਮਰੇਡ ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਵਿੱਚੋਂ ਲੱਖਾਂ ਕਿਸਾਨ ਦਿੱਲੀ ਜਾਣਗੇ।

ਪਿੰਡਾਂ ਵਿੱਚ ਦਿੱਤੇੇ ‘ਦਿੱਲੀ ਚੱਲੋ’ ਦੇ ਹੋਕੇ

ਸੁਨਾਮ ਊਧਮ ਸਿੰਘ ਵਾਲਾ (ਬੀਰਇੰਦਰ ਸਿੰਘ ਬਨਭੌਰੀ): ਕਿਸਾਨੀ ਸੰਘਰਸ਼ ਤਹਿਤ 26 ਨਵੰਬਰ ਨੂੰ ਦਿੱਲੀ ਜਾਣ ਦਾ ਦਿੱਤਾ ਗਿਆ ਸੁਨੇਹਾ ਪਿੰਡਾਂ ਵਿੱਚ ਰੰਗ ਦਿਖਾਉਣ ਲੱਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਪ੍ਰਚਾਰ ਕਰ ਕੇ ਲੋਕਾਂ ਨੂੰ ਦਿੱਲੀ ਜਾਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਦਾਅਵਾ ਕੀਤਾ ਕਿ ਦਿੱਲੀ ਮੋਰਚੇ ਵਿੱਚ ਲੱਖਾਂ ਲੋਕ ਸ਼ਾਮਲ ਹੋਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All