Farmers Protest: ਕਿਸਾਨ ਮੋਰਚੇ ਦਾ ਛੇਵਾਂ ਦਿਨ ਮੁਲਾਜ਼ਮ ਸੰਘਰਸ਼ ਨੂੰ ਸਮਰਪਿਤ
13 ਨੂੰ ਵਿੱਤ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਅਣਮਿੱਥੇ ਸਮੇਂ ਲਈ ਚੱਲ ਰਹੇ ਕਿਸਾਨ ਮੋਰਚੇ ਦਾ ਛੇਵਾਂ ਦਿਨ ਮੁਲਾਜ਼ਮ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ। ਇਸ ਦੌਰਾਨ ਸਟੇਜ ਤੋਂ ਜਿੱਥੇ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂ ਪੰਜਾਬ ਸਰਕਾਰ ਖਿਲਾਫ਼ ਗਰਜੇ, ਉਥੇ ਕਿਸਾਨ ਯੂਨੀਅਨ ਨੇ ਪੰਜ ਸਤੰਬਰ ਨੂੰ ਐੱਸ ਐੱਸ ਪੀ ਸੰਗਰੂਰ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।
ਕਿਸਾਨਾਂ ਦੇ ਮੰਚ ਤੋਂ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਮਾਲਵਿੰਦਰ ਸਿੰਘ ਸੰਧੂ, ਮੇਲਾ ਸਿੰਘ ਪੁੰਨਾਵਾਲ, ਸੀਤਾ ਰਾਮ, ਫਕੀਰ ਸਿੰਘ ਟਿੱਬਾ, ਅਵਤਾਰ ਸਿੰਘ ਭਲਵਾਨ, ਜਗਦੀਸ਼ ਸ਼ਰਮਾ, ਗੁਰਸੇਵਕ ਸਿੰਘ, ਰਾਜ ਕੁਮਾਰ ਅਰੋੜਾ, ਕਸਤੂਰੀ ਲਾਲ, ਅਸ਼ੋਕ ਕੁਮਾਰ ਤੇ ਰਾਜਵੀਰ ਬਡਰੁੱਖਾਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਰਕਾਰ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਨ ਤੋਂ ਭਗੌੜਾ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਤੇ ਬੀਬੀ ਬਲਜੀਤ ਕੌਰ ਵੱਲੋਂ ਮੁਲਾਜ਼ਮਾਂ ਦੇ ਤਨਖਾਹਾਂ ਤੇ ਭੱਤਿਆਂ ਸਬੰਧੀ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਆਗੂਆਂ ਨੇ 8 ਸਤੰਬਰ ਦੇ ਮਨਿਸਟੀਰੀਅਲ ਮੁਲਾਜ਼ਮਾਂ ਦੇ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਮੀਟਿੰਗਾਂ ਵਿੱਚੋਂ ਭਗੌੜਾ ਹੋਣ ਦੇ ਰੋਸ ਵਜੋਂ 13 ਸਤੰਬਰ ਨੂੰ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦਾ ਲਾਮਿਸਾਲ ਇਕੱਠ ਕਰ ਕੇ ਘਿਰਾਓ ਕੀਤਾ ਜਾਵੇਗਾ।
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਵਾਰਤਾ ਰੱਦ ਕਰਵਾਉਣ, ਸਾਮਰਾਜੀ ਮੁਲਕਾਂ ਨਾਲ ਕੀਤੀਆਂ ਲੋਕ ਵਿਰੋਧੀ ਸੰਧੀਆਂ ਰੱਦ ਕਰਵਾਉਣ, ਲੈਂਡ ਪੂਲਿੰਗ ਨੀਤੀ, ਕਰਜ਼ਾ ਮੁਕਤੀ, ਕਾਰਪੋਰੇਟ ਘਰਾਣਿਆਂ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਬੰਦ ਕਰਵਾਉਣ, ਜ਼ਮੀਨਾਂ ਦੀ ਮਾਲਕੀ ਬਣਾਉਣ ਅਤੇ ਬਚਾਉਣ ਸਣੇ ਕਿਸਾਨਾਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੇ ਹੱਲ ਲਈ ਸੂਬੇ ਵਿੱਚ ਦਰਜਨਾਂ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਅਣਮਿੱਥੇ ਸਮੇਂ ਲਈ ਪੱਕੇ ਮੋਰਚੇ ਚੱਲ ਰਹੇ ਹਨ ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਐਲਾਨ ਕੀਤਾ ਕਿ ਮੋਰਚੇ ਦੇ ਸੱਤਵੇਂ ਦਿਨ 5 ਸਤੰਬਰ ਨੂੰ ਕਿਸਾਨਾਂ ਉਪਰ ਪਰਾਲੀ ਸਾੜਨ ਦੇ ਦਰਜ ਕੀਤੇ ਕੇਸ ਰੱਦ ਕਰਾਉਣ ਲਈ ਐੱਸ ਐੱਸ ਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਮੁਲਾਜ਼ਮ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਅੜੀਅਲ ਰਵੱਈਆ ਛੱਡ ਕੇ ਮੰਗਾਂ ਦਾ ਹੱਲ ਕਰੇ। ਉਨ੍ਹਾਂ ਐਲਾਨ ਕੀਤਾ ਕਿ 13 ਸਤੰਬਰ ਨੂੰ ਮੁਲਾਜ਼ਮ ਜਥੇਬੰਦੀਆਂ ਵਲੋਂ ਜੋ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ, ਉਸ ਦੇ ਸਬੰਧ ਵਿਚ ਕਿਸਾਨ ਜਥੇਬੰਦੀ ਵੱਲੋਂ ਸੰਗਰੂਰ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਘਿਰਾਓ ਅਤੇ ਜ਼ਿਲ੍ਹਾ ਬਠਿੰਡਾ ਜਥੇਬੰਦੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ, ਜ਼ਿਲ੍ਹਾ ਖਜ਼ਾਨਚੀ ਅਮਨਦੀਪ ਸਿੰਘ ਮਹਿਲਾਂ ਤੋਂ ਇਲਾਵਾ ਮੁਲਾਜ਼ਮ ਆਗੂ ਬਿਕਰਮਜੀਤ ਸਿੰਘ, ਪੂਰਨ ਸਿੰਘ ਖਾਈ, ਕੁਲਵਿੰਦਰ ਸਿੰਘ ਢਿੱਲੋ, ਦਵਿੰਦਰ ਸਿੰਘ ਪਸ਼ੌਰ, ਜੁਝਾਰ ਸਿੰਘ ਲੌਂਗੋਵਾਲ, ਮਾਸਟਰ ਪਰਮ ਵੇਦ, ਆਈਡੀਪੀ ਦੇ ਫਲਜੀਤ ਸਿੰਘ, ਦਾਤਾ ਨਮੋਲ ਮਾਸਟਰ, ਬਲਵੀਰ ਲੌਂਗੋਵਾਲ ਨੇ ਸੰਬੋਧਨ ਕੀਤਾ।

