ਕਿਸਾਨਾਂ ਵੱਲੋਂ ਹਸਪਤਾਲ ਬਾਹਰ ਧਰਨਾ

ਕਿਸਾਨਾਂ ਵੱਲੋਂ ਹਸਪਤਾਲ ਬਾਹਰ ਧਰਨਾ

ਹਸਪਤਾਲ ਬਾਹਰ ਧਰਨਾ ਦਿੰਦੇ ਹੋਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ।

ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਅਗਸਤ

ਪਿੰਡ ਤੁਲੇਵਾਲ ਦੇ 24 ਸਾਲਾ ਨੌਜਵਾਨ ਮਲਕੀਤ ਸਿੰਘ ਦੀ ਮਹੀਨਾ ਕੁ ਪਹਿਲਾਂ ਰਾਜਿੰਦਰਾ ਹਸਪਤਾਲ ਵਿੱਚ ਹੋਈ ਇਲਾਜ ਦੌਰਾਨ ਹੋਈ ਮੌਤ ਲਈ ਡਾਕਟਰਾਂ ’ਤੇ ਅਣਗਹਿਲੀ ਦੇ ਦੋਸ਼ ਲਾਉਂਦਿਆਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਅੱਜ ਇੱਥੇ ਗੌਰਮਿੰਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਦਫ਼ਤਰ ਅਤੇ ਰਾਜਿੰਦਰਾ ਹਸਪਤਾਲ ਦੇ ਬਾਹਰ ਧਰਨਾ ਦਿੱਤਾ।

ਧਰਨੇ ਨੂੰ ਸੰਬੋਧਨ ਕਰਦਿਆਂ, ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ, ਸੁਖਵਿੰਦਰ ਸਿੰਘ ਤੁਲੇਵਾਲ, ਗੁਰਮੀਤ ਸਿੰਘ ਦਿੱਤੂਪੁਰ, ਗੁਰਨਾਮ ਸਿੰਘ ਤੇ ਅਵਤਾਰ ਸਿੰਘ ਕੌਰਜੀਵਾਲਾ ਨੇ ਪਰਿਵਾਰ ਦੇ ਹਵਾਲੇ ਨਾਲ਼ ਕਿਹਾ ਕਿ ਮਲਕੀਤ ਸਿੰਘ ਉਸ ਦਿਨ ਖੁਦ ਮੋਟਰਸਾਈਕਲ ’ਤੇ ਹਸਪਤਾਲ ਪਹੁੰਚਿਆ ਸੀ ਅਤੇ ਤੁਰ ਕੇ ਵਾਰਡ ਤੱਕ ਗਿਆ ਪਰੰਤੂ 15 ਮਿੰਟਾਂ ਬਾਅਦ ਉਹ ‘ਬਚਾ ਲਓ ਬਚਾ ਲਓ’ ਦਾ ਰੌਲਾ ਪਾਓੁਣ ਲੱਗਿਆ ਅਤੇ ਫਿਰ ਉਸ ਨੇ ਘਰ ਫੋਨ ਵੀ ਕੀਤਾ ਪਰ ਜਲਦੀ ਹੀ ਉਸ ਦਾ ਫੋਨ ਬੰਦ ਹੋ ਗਿਆ। ਪਰਿਵਾਰ ਨੇ ਸ਼ੱਕ ਪ੍ਰਗਟਾਇਆ ਕਿ ਉਸ ਨੂੰ ਕਰੋਨਾ ਹੋਣ ਦੇ ਡਰੋਂ ਡਾਕਟਰਾਂ ਨੇ ਉਸ ਦਾ ਢੁਕਵਾਂ ਇਲਾਜ ਨਹੀਂ ਕੀਤਾ ਜਿਸ ਕਾਰਨ ਹੀ ਉਸ ਦੀ ਮੌਤ ਹੋ ਗਈ। ਜਦਕਿ ਬਾਅਦ ’ਚ ਉਸ ਦੀ ਕਰੋਨਾ ਸਬੰਧੀ ਵੀ ਰਿਪੋਰਟ ਨੈਗੇਟਿਵ ਆ ਗਈ।

ਇਸੇ ਦੌਰਾਨ ਯੂਨੀਅਨ ਦਾ ਵਫ਼ਦ ਪਰਿਵਾਰ ਨੂੰ ਨਾਲ ਲੈ ਕੇ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਨੂੰ ਵੀ ਮਿਲਿਆ ਸੀ। ਇਸ ਦੌਰਾਨ ਮਲਕੀਤ ਸਿੰਘ ਦੇ ਇਲਾਜ ਵਾਲੀ ਫਾਈਲ ਵੀ ਮੰਗੀ ਗਈ ਸੀ ਪਰ ਮਹੀਨੇ ਮਗਰੋਂ ਵੀ ਇਹ ਫਾਈਲ ਨਹੀਂ ਦਿੱਤੀ ਗਈ। ਆਗੂਆਂ ਦਾ ਕਹਿਣਾ ਸੀ ਕਿ ਇਹ ਧਰਨਾ ਹਸਪਤਾਲ ਪ੍ਰਬੰਧਕਾਂ ’ਤੇ ਭੈੜੇ ਵਤੀਰੇ ਕਾਰਨ ਮਾਰਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All