ਕਿਸਾਨ ਮਹਿਲਾ ਦਿਵਸ ’ਤੇ ਕਿਸਾਨਾਂ ਵੱਲੋਂ ਰੋਸ ਮਾਰਚ

ਕਿਸਾਨ ਮਹਿਲਾ ਦਿਵਸ ’ਤੇ ਕਿਸਾਨਾਂ ਵੱਲੋਂ ਰੋਸ ਮਾਰਚ

ਸੰਗਰੂਰ ’ਚ ਕਿਸਾਨ ਮਹਿਲਾ ਦਿਵਸ ਮੌਕੇ ਵਿਸ਼ਾਲ ਰੋਸ ਧਰਨੇ ’ਚ ਸ਼ਾਮਲ ਕਿਸਾਨ ਬੀਬੀਆਂ ਦਾ ਇਕੱਠ।

ਗੁਰਦੀਪ ਸਿੰਘ ਲਾਲੀ

ਸੰਗਰੂਰ, 18 ਜਨਵਰੀ

ਅੱਜ ਕਿਸਾਨ ਮਹਿਲਾ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਬੀਬੀਆਂ ਤੇ ਕਿਸਾਨਾਂ ਵਲੋਂ ਸ਼ਹਿਰ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਬੁਲੰਦ ਹੌਸਲੇ ਨਾਲ ਆਵਾਜ਼ ਬੁਲੰਦ ਕਰਦਿਆਂ ਹਰ ਵਰਗ ਦੇ ਲੋਕਾਂ ਨੂੰ 26 ਜਨਵਰੀ ਦੀ ਟਰੈਕਟਰ ਰੈਲੀ ਲਈ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਦੇ ਇਥੇ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਪੱਕੇ ਮੋਰਚੇ ਦੇ ਕੈਂਪ ’ਚ ਅੱਜ ਸੈਂਕੜੇ ਕਿਸਾਨ ਬੀਬੀਆਂ ਤੇ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਪੁੱਜੇ ਜਿਥੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਵਿਸ਼ਾਲ ਰੋਸ ਮਾਰਚ ਕਰਕੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋਸ ਮਾਰਚ ਦੌਰਾਨ ਕਿਸਾਨ ਬੀਬੀਆਂ ਵੱਲੋਂ ਸ਼ਹਿਰ ਦੇ ਨਾਭਾ ਗੇਟ ’ਚ ਸਥਿਤ ਸ਼ਾਹੀ ਸਮਾਧਾਂ ਵਾਲੇ ਚੌਕ ’ਚ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਡਾ. ਕਿਰਨਪਾਲ ਕੌਰ, ਬੀਬੀ ਰਾਣੋਂ ਖੇੜੀ, ਬੀਬੀ ਸਵਰਨਜੀਤ ਕੌਰ, ਰਮਨਪ੍ਰੀਤ ਕੌਰ, ਪਰਮਿੰਦਰ ਕੌਰ, ਜਸਪ੍ਰੀਤ ਕੌਰ, ਕਿਸਾਨ ਆਗੂ ਨਰੰਜਣ ਸਿੰਘ ਦੋਹਲਾ, ਇੰਦਰਪਾਲ ਸਿੰਘ ਪੁੰਨਾਂਵਾਲ, ਊਧਮ ਸਿੰਘ ਸੰਤੋਖਪੁਰਾ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਕਿਸਾਨ ਬੀਬੀਆਂ ਨੇ ਕਿਹਾ ਕਿ ਦੇਸ਼ ਭਰ ਦੀਆਂ ਕਿਸਾਨ ਬੀਬੀਆਂ ਨੇ ਅੱਜ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕਰਕੇ ਦਰਸਾ ਦਿੱਤਾ ਹੈ ਕਿ ਉਹ ਦੇਸ਼ ਦੇ ਅੰਨਦਾਤਾ ਨੂੰ ਕਿਸੇ ਵੀ ਹਾਲਤ ’ਚ ਝੁਕਣ ਨਹੀਂ ਦੇਣਗੀਆਂ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲੈਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਨਾਰੀ ਸ਼ਕਤੀ ਦਾ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਤੇ ਦੇਸ਼ ਦੇ ਅੰਨਦਾਤਾ ਖ਼ਿਲਾਫ਼ ਫ਼ੋਕੀ ਸ਼ੋਹਰਤ ਲਈ ਬੇਤੁਕੀ ਬਿਆਨਬਾਜ਼ੀ ਕਰਨ ਵਾਲੇ ਭਾਜਪਾ ਆਗੂਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮੁੱਚਾ ਦੇਸ਼ ਅੱਜ ਕਿਸਾਨਾਂ ਦੀ ਪਿੱਠ ’ਤੇ ਖੜ੍ਹਾ ਹੈ।  ਉਨ੍ਹਾਂ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਕੌਮੀ ਜਾਂਚ ਏਜੰਸੀ (ਐਨਆਈਏ) ਰਾਹੀਂ ਪੰਜਾਬ ਦੇ ਕਿਸਾਨ ਆਗੂਆਂ ਨੂੰ ਨੋਟਿਸ ਭੇਜਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਖੇਤੀ ਕਾਨੁੂੰਨ ਰੱਦ ਹੋਣ ਤੱਕ ਕਿਸਾਨ ਵਾਪਸ ਘਰਾਂ ਨੂੰ ਨਹੀਂ ਪਰਤਣਗੇ। 

ਪਾਤੜਾਂ (ਗੁਰਨਾਮ ਸਿੰਘ ਚੌਹਾਨ) ਘਰੇਲੂ ਕੰਮਕਾਜੀ ਤੇ ਵੱਖ ਵੱਖ ਅਦਾਰਿਆਂ ਵਿੱਚ ਕੰਮ ਕਰਦੀਆਂ ਮਹਿਲਾਵਾਂ ਨੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਗੋਬਿੰਦਪੁਰਾ ਟੋਲ ਪਲਾਜ਼ਾ ਉੱਤੇ ਧਰਨਾ ਦੇ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਇਸੇ ਦੌਰਾਨ ਇਕੱਤਰ ਹੋਈਆਂ ਮਹਿਲਾਵਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।  ਅੰਮ੍ਰਿਤਪਾਲ ਕੌਰ, ਸੁਖਵੰਤ ਕੌਰ, ਰਨਵੀਰ ਕੌਰ, ਜਸਵੰਤ ਕੌਰ ਦੁਗਾਲ, ਅਜੀਤ ਕੌਰ, ਸੁਨੀਤਾ ਰਾਣੀ, ਚਰਨਜੀਤ ਕੌਰ ਕੰਗ, ਗੁਰਮੇਲ ਕੌਰ, ਪ੍ਰੀਤਮ ਕੌਰ ਨੇ ਕਿਹਾ ਉਨ੍ਹਾਂ ਨੂੰ ਮਾਣ ਹੈ ਕਿ ਇਕ ਦਿਨ ਉਨ੍ਹਾਂ ਦੇ ਸਨਮਾਨ ਵਿੱਚ ਵੀ ਮਨਾਇਆ ਜਾਂਦਾ ਪਰ ਅੱਜ ਦੇ ਦਿਨ ਉਹ ਕੇਂਦਰ ਦੀ ਤਾਨਾਸ਼ਾਹੀ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਸਮੇਤ ਹਰ ਵਰਗ ਲਈ ਲਿਆਂਦੇ ਖੇਤੀ ਕਨੂੰਨਾਂ ਵਿਰੁੱਧ ਧਰਨਾ ਦੇ ਕੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਜਿੰਨਾ ਚਿਰ ਸਰਕਾਰ ਤਿਨੋਂ ਕਨੂੰਨ ਰੱਦ ਨਹੀਂ ਕਰਦੀ ਉਨਾਂ ਚਿਰ ਉਹ ਕਿਸਾਨਾਂ ਦੇ ਧਰਨਿਆਂ ਵਿੱਚ ਸ਼ਮੂਲੀਅਤ ਕਰਕੇ  ਮੋਦੀ ਦੇ ਜ਼ਾਲਮ ਹਕੂਮਤ ਖ਼ਿਲਾਫ਼ ਆਵਾਜ਼ ਬੁਲੰਦ ਕਰਨਗੀਆਂ।                 

ਬਖ਼ਸ਼ੀਵਾਲਾ ’ਚ ਮੋਦੀ ਖ਼ਿਲਾਫ਼ ਗਰਜੀਆਂ ਔਰਤਾਂ

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ) ਗ਼ਦਰੀ ਬੀਬੀ ਗੁਲਾਬ ਕੌਰ ਦੇ ਪਿੰਡ ਬਖ਼ਸ਼ੀਵਾਲਾ ਵਿੱਚ  ਕਿਸਾਨ  ਮਹਿਲਾ ਦਿਵਸ ਮੌਕੇ ਇਕੱਤਰ ਹੋਈਆਂ ਕਿਸਾਨ ਮਹਿਲਾਵਾਂ ਵੱਲੋਂ ਖੈਤੀ ਬਿਲਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੀਬੀ ਬਲਜਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਨੂੰਨ ਅਸਲ ’ਚ  ਕਿਸਾਨਾਂ ਦੇ ਕਾਲੇ ਭਵਿੱਖ ਦੇ ਕਾਨੂੰਨ ਹਨ। ਇਨ੍ਹਾਂ ਕਾਨੂੰਨਾਂ ਨਾਲ ਕੇਵਲ ਕਿਸਾਨ ਹੀ ਨਹੀਂ ਬਲਕਿ ਸਮਾਜ ਦੇ ਸਾਰੇ ਵਰਗ ਧੁਆਂਖੇ ਜਾਣਗੇ।   ਬੀਬੀ ਬਲਜਿੰਦਰ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਚਾਰ ਕੁ ਘਰਾਣਿਆਂ ਨੂੰ ਮਾਲਾਮਾਲ ਕਰਨ ਲਈ ਤੇ ਆਪਣੀ ਜ਼ਿੱਦ ਪੁਗਾਉਣ ਲਈ ਕਾਨੂੰਨ ਵਾਪਸ ਲੈਣ ਤੋਂ ਮੁਨਕਰ ਹੋ ਰਹੀ ਹੈ।  ਉਨ੍ਹਾਂ ਕਿਹਾ ਕਿ ਕੁਝ ਲੋਕ ਕਿਸਾਨੀ ਸੰਘਰਸ਼ਾਂ ਵਿਚ ਔਰਤਾਂ ਦੀ ਸ਼ਮੂਲੀਅਤ ਬਾਰੇ ਪ੍ਰਸ਼ਨ ਚਿੰਨ੍ਹ ਖੜ੍ਹੇ ਕਰ ਰਹੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਧਰਤੀ ਤੋਂ  ਜਿੰਨੇ ਵੀ ਸੰਘਰਸ਼ ਲੜੇ ਗਏ ਹਨ ਉਨ੍ਹਾਂ ਵਿਚ ਔਰਤਾਂ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All