ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਪਾਣੀਆਂ ਦੇ ਮੁੱਦੇ ਸਬੰਧੀ ਦੇਸ਼ ਅਤੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਸੰਗਰੂਰ ਦੇ ਡੀ ਸੀ ਦਫ਼ਤਰ ਅੱਗੇ ਚੱਲ ਰਿਹਾ ਪੱਕਾ ਮੋਰਚਾ ਅੱਠਵੇਂ ਦਿਨ ਵੀ ਜਾਰੀ ਰਿਹਾ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਹੋਏ ਇਕੱਠ ਦੌਰਾਨ ਮੋਰਚੇ ਦੀ ਸਟੇਜ ਕਿਸਾਨ ਏਕਤਾ ਨੂੰ ਸਮਰਪਿਤ ਕੀਤੀ ਗਈ।
ਇਸ ਮੌਕੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਪਾਣੀਆਂ ਦੇ ਮੁੱਦੇ ’ਤੇ ਧਾਰਾ 78, 79 ਅਤੇ 80 ਨੂੰ ਰੱਦ ਕਰਨ ਦੀਆਂ ਮੰਗਾਂ ਨਾਲ ਸੂਬਿਆਂ ਦੇ ਕਿਸਾਨਾਂ ਵਿੱਚ ਟਕਰਾਅ ਪੈਦਾ ਹੋਣ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਸੀ ਟਕਰਾਅ ਦੀ ਥਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸਾਂਝੀ ਲੜਾਈ ਲੜਨੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਧਾਰਾ 78 ਕੇਂਦਰ ਸਰਕਾਰ ਨੂੰ ਕੁਝ ਹੱਦਾਂ ਵਿੱਚ ਬੰਨ੍ਹਦੀ ਹੈ ਅਤੇ ਇਸ ਦੀ ਉਲੰਘਣਾ ਦੇ ਖ਼ਿਲਾਫ਼ ਸੂਬਿਆਂ ਦੇ ਕਿਸਾਨਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਅਮਰੀਕਾ ਨਾਲ ਵਪਾਰ ਸਮਝੌਤੇ ਦੀ ਵਾਰਤਾ ਰੱਦ ਕਰਵਾਉਣ, ਸਾਮਰਾਜੀ ਦੇਸ਼ਾਂ ਨਾਲ ਲੋਕ ਵਿਰੋਧੀ ਸੰਧੀਆਂ ਖ਼ਤਮ ਕਰਨ, ਲੈਂਡ ਪੂਲਿੰਗ ਨੀਤੀ ਵਾਪਸ ਲੈਣ, ਕਿਸਾਨਾਂ ਦੀ ਕਰਜ਼ਾ ਮੁਕਤੀ ਅਤੇ ਕਾਰਪੋਰੇਟ ਘਰਾਣਿਆਂ ਦੀ ਕਥਿਤ ਲੁੱਟ ਬੰਦ ਕਰਵਾਉਣ ਸਣੇ ਜ਼ਮੀਨ ਦੀ ਮਾਲਕੀ ਬਚਾਉਣ ਲਈ ਸੰਘਰਸ਼ ਜਾਰੀ ਰਹੇਗਾ। ਮੋਰਚੇ ਦੌਰਾਨ ਲੋਕ ਗਾਇਕ ਜਗਸੀਰ ਜੀਦਾ ਨੇ ਸੰਘਰਸ਼ੀ ਬੋਲੀਆਂ ਰਾਹੀਂ ਹਾਜ਼ਰੀਨ ਨੂੰ ਸੰਬੋਧਨ ਕੀਤਾ। ਇਸ ਮੌਕੇ ਦਿੜ੍ਹਬਾ ਬਲਾਕ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ ਕਣਕਵਾਲ, ਸੰਗਰੂਰ ਬਲਾਕ ਦੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ, ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਭਵਾਨੀਗੜ੍ਹ ਦੇ ਜਸਵੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੋੜ, ਧੂਰੀ ਦੇ ਦਰਸ਼ਨ ਸਿੰਘ ਕਿਲਾ ਹਕੀਮਾਂ, ਰਾਮ ਸਿੰਘ ਸਿੰਘ ਕੱਕੜਵਾਲ, ਲਹਿਰਾਂ ਦੇ ਬਹਾਦਰ ਸਿੰਘ ਭਟਾਲ, ਸ਼ਿਵਰਾਜ ਸਿੰਘ ਗੁਰਨੇ, ਮੂਨਕ ਦੇ ਬੰਟੀ ਢੀਂਡਸਾ ਨੇ ਸੰਬੋਧਨ ਕੀਤਾ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪੱਧਰੀ ਪੱਕੇ ਮੋਰਚੇ ਦੇ ਅੱਠਵੇਂ ਦਿਨ ਦੇਸ਼ ਪੱਧਰ ’ਤੇ ਵਿਸ਼ਾਲ ਕਿਸਾਨ ਏਕਤਾ ਉਸਾਰਨ ਦੀ ਗੱਲ ਜ਼ੋਰਦਾਰ ਢੰਗ ਪੇਸ਼ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਛੰਨਾ ਨੇ ਦੱਸਿਆ ਕਿ ਬੀਤੇ ਕੱਲ੍ਹ ਜਥੇਬੰਦੀ ਵੱਲੋਂ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਜ਼ਿਲ੍ਹਾ ਸਕੱਤਰੇਤ, ਪੁਲੀਸ ਅਧਿਕਾਰੀਆਂ ਦੀ ਰਿਹਾਇਸ਼ ਅਤੇ ਬੈਂਕਾਂ ਦੇ ਘਿਰਾਓ ਕੀਤੇ ਗਏ। ਇਨ੍ਹਾਂ ਸੰਘਰਸ਼ਾਂ ਵਿੱਚ 13 ਸੂਤਰੀ ਮੰਗ ਪੱਤਰ ਅਨੁਸਾਰ ਮੰਗਾਂ ਵਿੱਚੋਂ ਕਿਸਾਨਾਂ, ਮਜ਼ਦੂਰਾਂ ਤੇ ਸੰਘਰਸ਼ ਦੌਰਾਨ ਪਾਏ ਝੂਠੇ ਪਰਚੇ ਰੱਦ ਕਰਵਾਉਣ ਸਬੰਧੀ, ਪਿਛਲੇ ਸਮੇਂ ਦੌਰਾਨ ਮੌਸਮੀ ਖ਼ਰਾਬੀ ਕਾਰਨ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਸਬੰਧੀ, ਬਿਜਲੀ ਦੀ ਸਪਲਾਈ ਦੀ ਹੋ ਰਹੀ ਸਮੱਸਿਆ ਸਬੰਧੀ ਘਿਰਾਓ ਕੀਤੇ ਗਏ।
ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਕੋਅਪਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਦਾ ਚਾਰ ਘੰਟੇ ਦਾ ਸੰਕੇਤਕ ਘਿਰਾਓ ਕੀਤਾ ਗਿਆ ਤੇ ਮੰਗ ਕੀਤੀ ਗਈ ਕਿਸਾਨਾਂ, ਮਜ਼ਦੂਰਾਂ ਦੇ ਕਰਜ਼ਿਆ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਦੇ ਕਰਜ਼ਿਆ ਸਬੰਧੀ ਕੋਈ ਸੰਤੋਸ਼ਜਨਕ ਗੱਲ ਨਾ ਕੀਤੀ ਗਈ ਤਾਂ ਬੈਂਕ ਅੱਗੇ ਅਣਮਿੱਥੇ ਸਮੇਂ ਦਾ ਘਿਰਾਓ ਕੀਤਾ ਜਾਵੇਗਾ। ਜ਼ਿਲ੍ਹਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਬਾਰਨ ਨੇ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਤੇ ਹੋਰ ਜਥੇਬੰਦੀਆਂ ਵੱਲੋਂ ਚੱਲ ਰਹੇ ਮੋਰਚਿਆਂ ਵਿੱਚ ਵੱਖ -ਵੱਖ ਮੰਗਾਂ ਤੇ ਏਕਤਾ ਬਾਰੇ ਦੱਸਿਆ। ਬਲਰਾਜ ਜੋਸ਼ੀ ਜ਼ਿਲ੍ਹਾ ਸੰਗਠਨ ਸਕੱਤਰ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਹਰਿਆਣਾ ਤੇ ਹੋਰ ਸੂਬਿਆਂ ਵਿੱਚ ਏਕਤਾ ਦੀ ਸਾਂਝ ਵਿਕਸਿਤ ਹੋਈ ਹੈ, ਉਸ ਨੂੰ ਖੋਰਾ ਲੱਗਣ ਤੋਂ ਬਚਣਾ ਚਾਹੀਦਾ ਹੈ।

