ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 22 ਜਨਵਰੀ
ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਸੰਗਠਨਾਂ ਦੀ ਅੱਜ ਇੱਥੇ ਹੋਈ ਮੀਟਿੰਗ ਵਿੱਚ 26 ਜਨਵਰੀ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦੀ ਵਿਉਂਤਬੰਦੀ ਅਤੇ ਤਿਆਰੀ ਕੀਤੀ ਗਈ।
ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਫੁੱਲੋ ਮਿੱਠੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ 4 ਜਨਵਰੀ ਨੂੰ ਹੰਢਿਆਇਆ ਨੇੜੇ ਕਿਸਾਨਾਂ ਦੀ ਬੱਸ ਨੂੰ ਦਰਪੇਸ਼ ਹਾਦਸੇ ’ਚ ਫ਼ੌਤ ਹੋਏ 5 ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ 26 ਜਨਵਰੀ ਨੂੰ ਜ਼ਿਲ੍ਹਾ ਬਠਿੰਡਾ ਅੰਦਰ ਪੈਂਦੀਆਂ ਤਹਿਸੀਲਾਂ ਰਾਮਪੁਰਾ, ਫੂਲ, ਮੌੜ, ਤਲਵੰਡੀ, ਭਗਤਾ, ਗੋਨਿਆਣਾ ਅਤੇ ਸੰਗਤ ਸਮੇਤ ਬਠਿੰਡਾ ਵਿੱਚ ਮਾਰਚ ਕੀਤੇ ਜਾਣਗੇ।
ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਦਿੱਲੀ ਕਿਸਾਨ ਮੋਰਚੇ ਦੌਰਾਨ ਕੀਤੇ ਲਿਖਤੀ ਸਮਝੌਤੇ ਨੂੰ ਲਾਗੂ ਕਰੇ ਅਤੇ ਕਿਸਾਨੀ ਦੀਆਂ ਸਾਰੀਆਂ ਮੰਗਾਂ ਜਿਵੇਂ ਕਿ ਨਵਾਂ ਖੇਤੀ ਖਰੜਾ ਰੱਦ ਕਰਨਾ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਨਾ, ਖੇਤੀ ਲਈ ਸਰਕਾਰੀ ਬੀਮਾ ਪਾਲਿਸੀ ਲਾਗੂ ਕਰਨਾ, 60 ਸਾਲ ਉਮਰ ਹੋਣ ’ਤੇ ਕਿਸਾਨਾਂ, ਮਜ਼ਦੂਰਾਂ ਅਤੇ ਪੇਂਡੂ ਦਸਤਕਾਰਾਂ ਨੂੰ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣਾ, ਕਿਸਾਨਾਂ ਦੀਆਂ ਫ਼ਸਲਾਂ ਦੀ ਖਰੀਦ ਲਈ ਐੱਮਐੱਸਪੀ ਗਾਰੰਟੀ ਕਾਨੂੰਨ ਬਣਾਉਣਾ, ਲਖਮੀਰਪੁਰ ਖੀਰੀ ’ਚ ਫ਼ੌਤ ਹੋਏ ਕਿਸਾਨਾਂ ਦੇ ਕਾਤਲਾਂ ਨੂੰ ਸਜ਼ਾ ਦੇਣਾ ਆਦਿ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਮੌਕੇ ਕਿਸਾਨਾਂ ਉੱਪਰ ਦਰਜ ਕੀਤੇ ਗਏ ਮੁਕੱਦਮੇ ਤੁਰੰਤ ਰੱਦ ਕੀਤੇ ਜਾਣ।

