Farmers Lock DC Office: ਕਿਸਾਨਾਂ ਨੇ ਡੀ ਸੀ ਦਫ਼ਤਰ ਦੇ ਚਾਰੇ ਗੇਟਾਂ ਨੂੰ ਜਿੰਦਰੇ ਲਾਏ
ਕੰਪਲੈਕਸ ਦੇ ਤਿੰਨੋਂ ਗੇਟਾਂ ਅੱਗੇ ਡਟੇ ਰਹੇ ਕਿਸਾਨ, 16 ਦਿਨਾਂ ਮਗਰੋਂ ਪੱਕਾ ਮੋਰਚਾ ਸਮਾਪਤ ਹੋਇਆ
ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 30 ਅਗਸਤ ਤੋਂ ਡੀ ਸੀ ਦਫਤਰ ਸਾਹਮਣੇ ਲਾਏ ਪੱਕੇ ਮੋਰਚੇ ਦੇ ਅੱਜ 16ਵੇਂ ਦਿਨ ਕਿਸਾਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਚਾਰੇ ਗੇਟਾਂ ਨੂੰ ਜਿੰਦਰੇ ਲਾ ਕੇ ਦਫਤਰਾਂ ਦਾ ਮੁਕੰਮਲ ਘਿਰਾਓ ਕੀਤਾ। ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਜ਼ਿਲ੍ਹਾ ਕੰਪਲੈਕਸ ਦੇ ਕੀਤੇ ਘਿਰਾਓ ਦੌਰਾਨ ਕਿਸੇ ਨੂੰ ਸਾਮ ਪੰਜ ਵਜੇ ਤੱਕ ਨਾ ਅੰਦਰ ਜਾਣ ਦਿੱਤਾ ਗਿਆ ਅਤੇ ਨਾ ਹੀ ਅੰਦਰੋਂ ਬਾਹਰ ਆਉਣ ਦਿੱਤਾ ਗਿਆ। ਕਿਸਾਨਾਂ ਦੇ ਘਿਰਾਓ ਨੂੰ ਵੇਖਦਿਆਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਡੀ ਸੀ ਸਣੇ ਕੋਈ ਵੀ ਵੱਡਾ ਅਧਿਕਾਰੀ ਆਪਣੇ ਦਫਤਰ ਨਹੀਂ ਪਹੁੰਚ ਸਕਿਆ ਪ੍ਰੰਤੂ ਕਲੈਰੀਕਲ ਸਟਾਫ ਡਿਊਟੀ ’ਤੇ ਮੌਜੂਦ ਰਿਹਾ। ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਵੱਲੋਂ 24 ਸਤੰਬਰ ਤੋਂ ਡੀ ਸੀ ਦਫਤਰ ਮਾਲੇਰਕੋਟਲਾ ਦਾ ਪੱਕੇ ਤੌਰ ’ਤੇ ਮੁਕੰਮਲ ਘਿਰਾਓ ਕੀਤਾ ਜਾਵੇਗਾ ਅਤੇ ਵਿਧਾਨ ਸਭਾ ਸੈਸਨ ਵਾਲੇ ਦਿਨ ਚੰਡੀਗੜ੍ਹ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਸੰਗਰੂਰ (ਗੁਰਦੀਪ ਸਿੰਘ ਲਾਲੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਅੱਜ ਡੀ ਸੀ ਕੰਪਲੈਕਸ ਸ਼ਾਮ ਕਰੀਬ ਪੌਣੇ ਛੇ ਵਜੇ ਤੱਕ ਘੇਰੀਂ ਰੱਖਿਆ। ਦੁਪਹਿਰ ਕਰੀਬ ਪੌਣੇ ਇੱਕ ਵਜੇ ਕਿਸਾਨ ਡੀ ਸੀ ਕੰਪਲੈਕਸ ਦੇ ਤਿੰਨੋਂ ਗੇਟਾਂ ਅੱਗੇ ਡਟ ਗਏ ਅਤੇ ਤਿੰਨੋਂ ਗੇਟਾਂ ਦਾ ਘਿਰਾਓ ਕਰ ਲਿਆ। ਡੀ ਸੀ ਦਫ਼ਤਰ ਅੱਗੇ ਪੱਕੇ ਮੋਰਚੇ ਦੇ 16ਵੇਂ ਦਿਨ ਰੋਸ ਧਰਨਾ ਵੀ ਜਾਰੀ ਰਿਹਾ ਜਿਸ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਣੇ ਸੂਬਾ ਅਤੇ ਜ਼ਿਲ੍ਹਾ ਆਗੂਆਂ ਨੇ ਸੰਬੋਧਨ ਕੀਤਾ। ਕੰਪਲੈਕਸ ਦੇ ਤਿੰਨੋਂ ਗੇਟਾਂ ਦਾ ਘਿਰਾਓ ਕਰਦਿਆਂ ਕਿਸਾਨਾਂ ਨੇ ਕਿਸੇ ਵੀ ਸਰਕਾਰੀ ਅਧਿਕਾਰੀ ਦੀ ਗੱਡੀ ਨਾ ਅੰਦਰ ਦਾਖਲ ਹੋਣ ਦਿੱਤੀ ਅਤੇ ਨਾ ਹੀ ਬਾਹਰ ਜਾਣ ਦਿੱਤੀ। ਭਾਵੇਂ ਕੰਪਲੈਕਸ ਦੇ ਤਿੰਨੋ ਗੇਟ ਬੰਦ ਸਨ ਪਰ ਕਿਸਾਨਾਂ ਨੇ ਡੀ ਸੀ ਪੂਨਮਦੀਪ ਕੌਰ ਦੀ ਗੱਡੀ ਨੂੰ ਮੀਟਿੰਗ ਲਈ ਕੰਪਲੈਕਸ ਦੇ ਅੰਦਰ ਜਾਣ ਲਈ ਰਾਹ ਦਿੱਤਾ। ਡੀ ਸੀ ਅਤੇ ਯੂਨੀਅਨ ਵਫ਼ਦ ਵਿਚਕਾਰ ਮੀਟਿੰਗ ਹੋਈ। ਮੀਟਿੰਗ ਮਗਰੋਂ ਜਗਤਾਰ ਸਿੰਘ ਲੱਡੀ ਨੇ ਦੱਸਿਆ ਕਿ ਡੀ ਸੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਮੰਗਾਂ ਸਰਕਾਰ ਤੱਕ ਭੇਜ ਦਿੱਤੀਆਂ ਜਾਣਗੀਆਂ ਤੇ ਉਨ੍ਹਾਂ ਦੇ ਅਧਿਕਾਰ ਖੇਤਰ ਵਾਲੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ।
ਦਫ਼ਤਰ ਦੇ ਪਿਛਲੇ ਰਸਤਿਓਂ ਬਾਹਰ ਨਿਕਲ ਗਏ ਡੀ ਸੀ
ਸੰਗਰੂਰ: ਸ਼ਾਮ ਪੰਜ ਵਜੇ ਸਰਕਾਰੀ ਦਫ਼ਤਰ ਬੰਦ ਹੋਣ ਮਗਰੋਂ ਘਿਰਾਓ ਜਾਰੀ ਰਿਹਾ। ਸਿਰਫ਼ ਮਹਿਲਾ ਮੁਲਾਜ਼ਮਾਂ ਨੂੰ ਹੀ ਬਾਹਰ ਜਾਣ ਦਿੱਤਾ ਗਿਆ। ਡੀ ਸੀ ਦਫ਼ਤਰ ਦੇ ਪਿਛਲੇ ਪਾਸਿਓਂ ਕਿਸੇ ਲੁਕਵੇਂ ਰਸਤੇ ਰਾਹੀਂ ਪੈਦਲ ਨਿਕਲ ਗਏ ਜਦੋਂ ਕਿ ਉਨ੍ਹਾਂ ਦੀ ਸਰਕਾਰੀ ਗੱਡੀ ਦਫ਼ਤਰ ਵਿਚ ਹੀ ਘਿਰੀ ਰਹੀ। ਕਿਸਾਨਾਂ ਨੇ ਸ਼ਾਮ ਕਰੀਬ ਪੌਣੇ ਛੇ ਵਜੇ ਘਿਰਾਓ ਖਤਮ ਕਰਦਿਆਂ ਐਲਾਨ ਕੀਤਾ ਕਿ ਜੇ 23 ਸਤੰਬਰ ਤੱਕ ਮੰਗਾਂ ਦਾ ਹੱਲ ਨਾ ਹੋਇਆ ਤਾਂ 24 ਸਤੰਬਰ ਤੋਂ ਮੁੜ ਡੀ ਸੀ ਕੰਪਲੈਕਸ ਦਾ ਘਿਰਾਓ ਕੀਤਾ ਜਾਵੇਗਾ।

