ਗੁਰਨਾਮ ਸਿੰਘ ਚੌਹਾਨ
ਪਾਤੜਾਂ, 16 ਜੂਨ
ਟਿਊਬਵੈੱਲ ਮੋਟਰਾਂ ਦੇ ਸੜੇ ਟਰਾਂਸਫਰਮ ਬਦਲੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੌਰਾਨ ਨਵੇਂ ਟਰਾਂਸਫਾਰਮਰ ਨਾ ਮਿਲਣ ਕਾਰਨ ਕਿਸਾਨ ਖੱਜਲ ਹੋ ਰਹੇ ਹਨ। ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਐਕਸੀਅਨ ਪਾਤੜਾਂ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਸੁਣਵਾਈ ਨਾ ਹੁੰਦੀ ਦੇਖ ਰੋਹ ਵਿੱਚ ਆਏ ਕਿਸਾਨਾਂ ਨੇ ਅਧਿਕਾਰੀਆਂ ਨੂੰ ਘੇਰ ਲਿਆ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਰਭਜਨ ਸਿੰਘ ਬੁੱਟਰ ਨੇ ਕਿਹਾ ਕਿ ਕਿਸਾਨਾਂ ਨੂੰ ਖੇਤਾਂ ਦੇ ਟਿਊਬਵੈੱਲਾਂ ’ਤੇ ਚੱਲ ਰਹੇ ਬਿਜਲੀ ਦੇ ਟਰਾਂਸਫਾਰਮਰ ਸੜਣ ’ਤੇ ਨਵੇਂ ਟਰਾਂਸਫਾਰਮਰ ਨਹੀਂ ਦਿੱਤੇ ਜਾ ਰਹੇ। ਟਰਾਂਸਫਾਰਮਰ ਲੈਣ ਲਈ ਕਿਸਾਨਾਂ ਨੂੰ ਕਈ ਦਿਨਾਂ ਤੋਂ ਖੱਜਲ ਹੋਣਾ ਪੈ ਰਿਹਾ ਹੈ। ਇਸ ਕਾਰਨ ਝੋਨਾ ਲਾਉਣ ਵਿਚ ਦੇਰੀ ਹੋ ਰਹੀ ਤੇ ਹਰਾ-ਚਾਰਾ ਅਤੇ ਸਬਜ਼ੀਆਂ ਸੁੱਕ ਰਹੀਆਂ ਹਨ। ਦੂਜੇ ਪਾਸੇ, ਘਰਾਂ ਦੀ ਬਿਜਲੀ ਸਪਲਾਈ ਵੀ ਕਈ-ਕਈ ਦਿਨ ਬੰਦ ਹੋਣ ਕਾਰਨ ਅਤਿ ਦੀ ਗਰਮੀ ਵਿੱਚ ਲੋਕ ਰਹਿਣ ਤੇ ਪੀਣ ਵਾਲੇ ਪਾਣੀ ਤੋਂ ਮੁਥਾਜ ਹੋ ਚੁੱਕੇ ਹਨ। ਇਸ ਲਈ ਕਿਸਾਨ ਨੂੰ ਧਰਨਾ ਦੇ ਕੇ ਬਿਜਲੀ ਅਧਿਕਾਰੀਆਂ ਨੂੰ ਘੇਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸੜੇ ਹੋਏ ਟਰਾਂਸਫਾਰਮਰ ਬਦਲ ਕੇ ਨਵੇਂ ਨਾ ਦਿੱਤੇ ਗਏ ਤੇ ਘਰੇਲੂ ਬਿਜਲੀ ਸਪਲਾਈ ਨਿਰਵਿਘਨ ਚਾਲੂ ਨਾ ਕੀਤੀ ਤਾਂ ਸੰਘਰਸ਼ ਸ਼ੁਰੂ ਹੋਰ ਤੇਜ਼ ਕੀਤਾ ਜਾਵੇਗਾ।
ਪਾਵਰਕੌਮ ਸਟੋਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਕਿਹਾ ਕਿ ਗਰਿੱਡ ਤੋਂ ਗੱਡੀਆਂ ਟਰਾਂਸਫਾਰਮਰ ਲੈਣ ਭੇਜੀਆਂ ਹੋਈਆਂ ਹਨ ਤੇ ਛੇਤੀ ਹੀ ਸਮੱਸਿਆ ਹੱਲ ਹੋ ਜਾਵੇਗੀ।