Farmer Agitation: ਕਿਸਾਨਾਂ ਨੇ ਪਾਵਰਕੌਮ ਦਫ਼ਤਰ ਘੇਰਿਆ
ਐੱਸ ਈ ਵੱਲੋਂ ਮੰਗਾਂ ਦੇ ਹੱਲ ਦਾ ਭਰੋਸਾ ਦੇਣ ਮਗਰੋਂ ਘਿਰਾਓ ਖਤਮ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਕਿਸਾਨਾਂ ਵੱਲੋਂ ਅੱਜ ਪਾਵਰਕੌਮ ਦੇ ਸਰਕਲ ਦਫ਼ਤਰ ਦਾ ਘਿਰਾਓ ਕੀਤਾ ਗਿਆ। ਡੀ ਸੀ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਚੱਲ ਰਹੇ ਪੱਕੇ ਮੋਰਚੇ ਵਾਲੇ ਸਥਾਨ ਤੋਂ ਕਿਸਾਨ ਰੋਸ ਮਾਰਚ ਕਰਦੇ ਹੋਏ ਸੋਹੀਆਂ ਰੋਡ ਸਥਿਤ ਪਾਵਰਕੌਮ ਦੇ ਸਰਕਲ ਦਫ਼ਤਰ ਪੁੱਜੇ ਅਤੇ ਸਮੁੱਚੇ ਦਫ਼ਤਰੀ ਕੰਪਲੈਕਸ ਦੇ ਵਿਹੜੇ ਵਿੱਚ ਡਟ ਗਏ। ਜਿਸ ਥਾਂ ਐੱਸ ਈ ਦੀ ਗੱਡੀ ਖੜ੍ਹਦੀ ਹੈ,ਉਥੇ ਕਿਸਾਨਾਂ ਨੇ ਟਰਾਲੀ ਖੜ੍ਹੀ ਕਰ ਦਿੱਤੀ ਅਤੇ ਬਿਜਲੀ ਨਾਲ ਸਬੰਧਤ ਮੰਗਾਂ ਦੀ ਪ੍ਰਾਪਤੀ ਲਈ ਧਰਨਾ ਸ਼ੁਰੂ ਕਰ ਕੇ ਕਰੀਬ ਸਾਢੇ ਚਾਰ ਘੰਟੇ ਤੱਕ ਘਿਰਾਓ ਕੀਤਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਪਾਵਰਕੌਮ ਸਰਕਲ ਦਫ਼ਤਰ ਦੇ ਕੰਪਲੈਕਸ ਵਿਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਡੀ ਸੀ ਦਫ਼ਤਰ ਅੱਗੇ ਪਿਛਲੇ 9 ਦਿਨਾਂ ਤੋਂ ਪੱਕਾ ਮੋਰਚਾ ਚੱਲ ਰਿਹਾ ਹੈ ਪਰ ਸਰਕਾਰ ਨੇ ਖੇਸਲ ਵੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪੱਕੇ ਮੋਰਚੇ ਦੌਰਾਨ ਵੱਖ-ਵੱਖ ਅਦਾਰਿਆਂ, ਵਿਭਾਗਾਂ ਨਾਲ ਸਬੰਧਤ ਮੰਗਾਂ ਦੀ ਪ੍ਰਾਪਤੀ ਲਈ ਦਫ਼ਤਰਾਂ ਦੇ ਘਿਰਾਓ ਕੀਤੇ ਜਾ ਰਹੇ ਹਨ ਜੋ ਇੱਕ-ਦੋ ਦਿਨ ਛੱਡ ਕੇ ਲਗਾਤਾਰ ਜਾਰੀ ਰਹਿਣਗੇ। ਉਗਰਾਹਾਂ ਨੇ ਐਲਾਨ ਕੀਤਾ ਕਿ ਜੇ ਅੱਜ ਬਿਜਲੀ ਨਾਲ ਸਬੰਧਤ ਮੰਗਾਂ ਦਾ ਠੋਸ ਹੱਲ ਨਾ ਹੋਇਆ ਤਾਂ ਸਰਕਲ ਦਫ਼ਤਰ ਦਾ ਘਿਰਾਓ ਖਤਮ ਨਹੀਂ ਕੀਤਾ ਜਾਵੇਗਾ। ਸ਼ਾਮ ਕਰੀਬ ਸਾਢੇ ਚਾਰ ਵਜੇ ਪਾਵਰਕੌਮ ਦੇ ਨਿਗਰਾਨ ਇੰਜਨੀਅਰ ਵਲੋਂ ਰੋਸ ਧਰਨੇ ਚ ਪੁੱਜ ਕੇ ਮੰਗਾਂ ਦੇ ਹੱਲ ਦਾ ਭਰੋਸਾ ਦਿਵਾਇਆ ਗਿਆ, ਜਿਸ ਮਗਰੋਂ ਘਿਰਾਓ ਸਮਾਪਤ ਕੀਤਾ ਗਿਆ।
ਕਿਸਾਨਾਂ ਨੇ ਧਰਨਾ ਦੇ ਕੇ ਘਰ ਦਾ ਵਰੰਟ ਕਬਜ਼ਾ ਰੋਕਿਆ
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਲੇਰਕੋਟਲਾ ਸਾਹਮਣੇ 30 ਅਗਸਤ ਤੋਂ ਪੱਕੇ ਮੋਰਚੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਨੇ ਅੱਜ ਅਚਾਨਕ ਹੀ ਮਾਲੇਰਕੋਟਲਾ ਦੇ ਏਕਤਾ ਨਗਰ ਪਹੁੰਚ ਕੇ ਦੋ ਭੈਣਾਂ ਦੇ ਘਰ ਦਾ ਵਰੰਟ ਕਬਜ਼ਾ ਰੋਕ ਦਿੱਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਦੀ ਅਗਵਾਈ ਹੇਠ ਕਿਸਾਨ, ਦੋ ਭੈਣਾਂ ਹਿਮਾਨੀ ਚਾਵਲਾ ਅਤੇ ਲੀਜ਼ਾ ਚਾਵਲਾ ਦੇ ਵਿਵਾਦਤ ਘਰ ਪੁੱਜੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ, ਜ਼ਿਲ੍ਹਾ ਆਗੂ ਰਾਜਿੰਦਰ ਸਿੰਘ ਭੋਗੀਵਾਲ,ਰਵਿੰਦਰ ਸਿੰਘ ਕਾਸਮਪੁਰ ਨੇ ਦੱਸਿਆ ਕਿ ਸੱਤਾਧਾਰੀ ਧਿਰ ਦਾ ਇੱਕ ਆਗੂ ਕਥਿਤ ਤੌਰ ’ਤੇ ਬੈਂਕ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲੜਕੀਆਂ ਦੇ ਮਕਾਨ ’ਤੇ ਕਬਜ਼ਾ ਕਰਨਾ ਚਹੁੰਦਾ ਹੈ। ਧਰਨੇ ਵਿਚ ਮੌਜੂਦ ਦੋਵੇਂ ਭੈਣਾਂ ਹਿਮਾਨੀ ਚਾਵਲਾ ਅਤੇ ਲੀਜ਼ਾ ਚਾਵਲਾ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਦੇ ਭਰਾ ਅਤੇ ਆਮ ਆਦਮੀ ਪਾਰਟੀ ਦੇ ਇਕ ਆਗੂ ਨਾਲ ਕਥਿਤ ਮਿਲੀਭੁਗਤ ਕਰ ਕੇ ਕਰੀਬ ਇਕ ਕਰੋੜ ੲੁਪਏ ਕੀਮਤ ਦਾ ਮਕਾਨ ਕੇਵਲ 18 ਲੱਖ ਰੁਪਏ ਵਿੱਚ ਹੀ ਖਰੀਦ ਲਿਆ ਹੈ। ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਹਾਈਕੋਰਟ ਦੇ ਫੈਸਲੇ ਨੂੰ ਉਡੀਕਣ ਦੀ ਥਾਂ ਪੁਲੀਸ ਦੀ ਮੱਦਦ ਨਾਲ ਅੱਜ ਮਕਾਨ ਦਾ ਕਬਜ਼ਾ ਲਿਆ ਜਾਣਾ ਸੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਇਨ੍ਹਾਂ ਲੜਕੀਆਂ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਕਿਸਾਨ ਜਥੇਬੰਦੀ ਵੱਲੋਂ ਦੇਰ ਸਾਮ ਤੱਕ ਧਰਨਾ ਜਾਰੀ ਰੱਖਿਆ ਗਿਆ ਅਤੇ ਕੋਈ ਵੀ ਅਧਿਕਾਰੀ ਕਬਜ਼ਾ ਲੈਣ ਲਈ ਨਹੀਂ ਪਹੁੰਚਿਆ।

