ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 23 ਫਰਵਰੀ
ਸੈਕੂਲਰ ਯੂਥ ਫ਼ੈਡਰੇਸ਼ਨ ਆਫ਼ ਇੰਡੀਆ ‘ਸੈਫੀ’ ਪਾਰਟੀ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਸਾਕਾ ਨਨਕਾਣਾ ਸਾਹਿਬ ਦੀ 100ਵੀਂ ਯਾਦਗਾਰ ਮਨਾਈ ਗਈ। ਇਸ ਸਮਾਰੋਹ ਵਿੱਚ ਗੁਰਮੁਖੀ ਅੱਖਰਕਾਰੀ ਦੀ ਵਰਕਸ਼ਾਪ, ਪੁਸਤਕ ਪ੍ਰੇਮ ਲਹਿਰ ਵੱਲੋਂ ਕਿਤਾਬਾਂ ਦੀ ਸਟੇਜ, ਸ੍ਰੀ ਸਹਿਜ ਪਾਠ ਸੇਵਾ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਭੇਟਾਂ ਰਹਿਤ ਸੈਂਚੀਆਂ, ਪੋਥੀਆਂ ਅਤੇ ਲਿਟਰੇਚਰ ਦੀ ਸੇਵਾ ਲਈ ਸਟਾਲ ਲਾਇਆ ਗਿਆ। ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਰਾਟੌਲ ਨੇ ਹਾਜ਼ਰੀ ਲਾਉਂਦੇ ਹੋਏ ਵਿਦਿਆਰਥੀਆਂ ਨੂੰ ਸਾਕਾ ਨਨਕਾਣਾ ਸਾਹਿਬ ਦੀਆਂ ਮੁੱਖ ਘਟਨਾਵਾਂ ਸਬੰਧੀ ਜਾਣਕਾਰੀ ਦਿੱਤੀ। ਪਾਰਟੀ ਪ੍ਰਧਾਨ ਯਾਦਵਿੰਦਰ ਸਿੰਘ ਤੇ ਯੂਨੀਵਰਸਿਟੀ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਕਈ ਅਜਿਹੇ ਸਾਕੇ ਜਾਂ ਘਟਨਾਵਾਂ ਹਨ, ਜਨਿ੍ਹਾਂ ਸਬੰਧੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਦੀ ਲੋੜ ਹੈ। ਸੈਫ਼ੀ ਪਾਰਟੀ ਵੱਲੋਂ ਵਿਦਿਆਰਥੀਆਂ ਨੂੰ ਇਸ ਸਾਕੇ ਸੰਬੰਧੀ ਜਾਣਕਾਰੀ ਲਈ ਪੱਤਰ ਤੇ ਲਿਟਰੇਚਰ ਫਰੀ ਵੰਡਿਆ ਗਿਆ। ਇਸ ਮੌਕੇ ਪਾਰਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਦਿੱਤਪਾਲ ਸਿੰਘ ਸੰਧੂ, ਜੁਗਰਾਜ ਸਿੰਘ ਸੰਧੂ, ਗੁਰਲਾਲ ਸਿੰਘ, ਸੋਨੂੰ ਬਘੌਰਾ, ਗੁਰਦੀਪ ਸਿੰਘ, ਸੁੰਦਰ ਸਨੌਰ, ਵਿੰਮੀਦਾਰਪਾਲ ਸਿੰਘ, ਖਲੀਲ ਖਾਂ ਹਾਜ਼ਰ ਸਨ।