ਈ ਟੀ ਟੀ ਅਧਿਆਪਕ ਟੈਂਕੀਆਂ ’ਤੇ ਚੜ੍ਹੇ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਲਾਰਿਆਂ ਤੋਂ ਤੰਗ ਆ ਕੇ ਪੰਜਾਬ ਭਰ ਤੋਂ ਆਏ 180 ਈ ਟੀ ਟੀ ਰੈਗੂਲਰ ਅਧਿਆਪਕਾਂ ਨੇ ਦਿੜ੍ਹਬਾ ਸ਼ਹਿਰ ਵਿੱਚ ਇਕੱਠੇ ਹੋ ਕੇ ਹਲਕੇ ਦੇ 25 ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ। ਸੂਲਰ ਘਰਾਟ ਵਿੱਚ ਪਹੁੰਚ...
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਲਾਰਿਆਂ ਤੋਂ ਤੰਗ ਆ ਕੇ ਪੰਜਾਬ ਭਰ ਤੋਂ ਆਏ 180 ਈ ਟੀ ਟੀ ਰੈਗੂਲਰ ਅਧਿਆਪਕਾਂ ਨੇ ਦਿੜ੍ਹਬਾ ਸ਼ਹਿਰ ਵਿੱਚ ਇਕੱਠੇ ਹੋ ਕੇ ਹਲਕੇ ਦੇ 25 ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ। ਸੂਲਰ ਘਰਾਟ ਵਿੱਚ ਪਹੁੰਚ ਕੇ ਕੁੱਝ ਅਧਿਆਪਕ ਨੇ ਸੰਗਰੂਰ ਪਾਤੜਾਂ ਰੋਡ ’ਤੇ ਬਣੀ ਟੈਂਕੀ ’ਤੇ ਚੜ੍ਹ ਕੇ ਵਿੱਤ ਮੰਤਰੀ ਚੀਮਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਧਿਆਪਕਾਂ ਨੇ ਪੰਜਾਬ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਚੀਮਾ ਮੁਰਦਾਬਾਦ ਦੇ ਪੈਂਫਲਿਟ ਟੈਂਕੀ ਤੋਂ ਹੇਠਾਂ ਸੁੱਟੇ। ਮਗਰੋਂ ਇਹ 180 ਅਧਿਆਪਕ ਪਿੰਡ ਢੰਡੋਲੀ ਕਲਾਂ ਵਿੱਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ। ਅਧਿਆਪਕਾਂ ਵੱਲੋਂ ਦਿੜ੍ਹਬਾ ਹਲਕੇ ਦੇ 25 ਪਿੰਡਾਂ ਵਿੱਚ ਟੈਂਕੀਆਂ, ਟਾਵਰਾਂ ਉੱਪਰ ਚੜ੍ਹ ਕੇ ਹਰਪਾਲ ਚੀਮਾ ਦੇ ਲਾਰਿਆਂ ਦੀ ਪੋਲ ਖੋਲ੍ਹਣ ਦਾ ਰੂਟ ਪਲਾਨ ਬਣਾ ਕੇ ਲੜੀ ਦਰ ਲੜੀ ਵਿੱਤ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲਗਾਤਾਰ ਕਈ ਮਹੀਨਿਆਂ ਤੋਂ ਹਰ 15 ਦਿਨ ਬਾਅਦ ਮਸਲਾ ਹੱਲ ਕਰਨ ਲਈ ਬੁਲਾ ਕੇ ਪੱਤਰ ਜਾਰੀ ਕਰਨ ਦੀ ਗੱਲ ਕਰਦੇ ਹਨ ਪਰ ਪਰਨਾਲਾ ਉਥੇ ਦਾ ਉਥੇ ਹੈ। ਇਨ੍ਹਾਂ ਲਾਰਿਆਂ ਤੋਂ ਤੰਗ ਆ ਕੇ ਅੱਜ ਹਲਕੇ ਦੇ 25 ਪਿੰਡਾਂ ਵਿੱਚ ਉੱਚੀ ਥਾਂ ਟੈਂਕੀਆਂਠ ਟਾਵਰਾਂ ਤੇ ਚੜ ਕੇ ਆਪਣੇ ਪਰਿਵਾਰਾਂ ਸਣੇ ਵਿੱਤ ਮੰਤਰੀ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ।
ਸੋਹਣ ਸਿੰਘ ਬਰਨਾਲਾ ਨੇ ਦੱਸਿਆ ਕਿ ਵਿੱਤ ਮੰਤਰੀ ਵੱਲੋਂ ਬੀਤੀ 27 ਫਰਵਰੀ ਨੂੰ ਵੀ ਮਸਲਾ ਹੱਲ ਕਰਕੇ ਪੱਤਰ ਦੇਣ ਲਈ ਬੁਲਾਇਆ ਗਿਆ ਸੀ, ਮਗਰੋਂ ਉਹ ਮੀਟਿੰਗ ਤੋਂ ਗੈਰ ਹਾਜ਼ਰ ਰਹੇ। ਸੂਬਾ ਖਜ਼ਾਨਚੀ ਗੁਰਮੁਖ ਸਿੰਘ ਪਟਿਆਲਾ ਨੇ ਕਿਹਾ ਕਿ ਇਹ 25 ਪਿੰਡਾਂ ਵਾਲਾ ਸੰਘਰਸ਼ ਮਸਲਾ ਹੱਲ ਹੋਣ ਤੱਕ ਜਾਰੀ ਰਹੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਸਿੱਧੂ, ਅਜੈਬ ਸਿੰਘ ਟਾਂਡੀਆਂ ਆਦਿ ਹਾਜ਼ਰ ਸਨ।

