Ethanol Factory Protest: ਈਥਾਨੌਲ ਫੈਕਟਰੀ ਖ਼ਿਲਾਫ਼ ਧਰਨਾ ਜਾਰੀ
ਪਿੰਡ ਜਹਾਂਗੀਰ ਤੇ ਘਨੌਰੀ ਕਲਾਂ ਦਰਮਿਆਨ ਚੱਲ ਰਹੀ ਈਥਾਨੌਲ ਫੈਕਟਰੀ ਖ਼ਿਲਾਫ਼ ਪਿੰਡਾਂ ਦੇ ਲੋਕਾਂ ਵੱਲੋਂ ਲਾਇਆ ਪੱਕਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਦੀ ਕਮਾਂਡ ਪਿੰਡ ਘਨੌਰੀ ਕਲਾਂ ਅਤੇ ਬਮਾਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਸੰਭਾਲੀ...
ਪਿੰਡ ਜਹਾਂਗੀਰ ਤੇ ਘਨੌਰੀ ਕਲਾਂ ਦਰਮਿਆਨ ਚੱਲ ਰਹੀ ਈਥਾਨੌਲ ਫੈਕਟਰੀ ਖ਼ਿਲਾਫ਼ ਪਿੰਡਾਂ ਦੇ ਲੋਕਾਂ ਵੱਲੋਂ ਲਾਇਆ ਪੱਕਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਦੀ ਕਮਾਂਡ ਪਿੰਡ ਘਨੌਰੀ ਕਲਾਂ ਅਤੇ ਬਮਾਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਸੰਭਾਲੀ ਗਈ। ਇਸ ਮੌਕੇ ਜਸਪਾਲ ਸਿੰਘ ਜੱਸਾ ਘਨੌਰ ਨੇ ਦੋਸ਼ ਲਾਇਆ ਕਿ ਫੈਕਟਰੀ ਵਿੱਚੋਂ ਨਿਕਲਣ ਵਾਲੇ ਧੂੰਏਂ ਤੇ ਕਥਿਤ ਬਦਬੂ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਸ ਕਾਰਨ ਇਲਾਕੇ ਵਿੱਚ ਸਾਹ ਸਬੰਧੀ ਬਿਮਾਰੀਆਂ ਵਧ ਰਹੀਆਂ ਹਨ ਅਤੇ ਉਨ੍ਹਾਂ ਕਈ ਥਾਈਂ ਫੈਕਟਰੀ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲੇ ਧੂੰਏਂ ਕਾਰਨ ਫਸਲਾਂ ’ਤੇ ਰਾਖ ਡਿੱਗਦੀ ਹੋਣ ਦਾ ਦਾਅਵਾ ਵੀ ਕੀਤਾ। ਪਿੰਡ ਜਹਾਂਗੀਰ ਦੀ ਸਰਪੰਚ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਪ੍ਰਸ਼ਾਸਨ ਤੋਂ ਸੰਘਰਸ਼ਕਾਰੀ ਲੋਕਾਂ ਨਾਲ ਸਿੱਧੀ ਗੱਲਬਾਤ ਕਰ ਕੇ ਠੋਸ ਫੈਸਲਾ ਲੈਣ ਦੀ ਮੰਗ ਕੀਤੀ।
ਦੋਸ਼ ਝੂਠੇ ਤੇ ਬੇਬੁਨਿਆਦ : ਜੀ ਐੱਮ
ਫੈਕਟਰੀ ਦੇ ਜਨਰਲ ਮੈਨੇਜਰ ਜੇ ਕੇ ਸ਼ਰਮਾ ਨੇ ਧਰਨਾਕਾਰੀਆਂ ਵੱਲੋਂ ਲਾਏ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਫੈਕਟਰੀ ਵਿੱਚ ਮੱਕੀ ਅਤੇ ਚੌਲਾਂ ਦੀ ਕਿਣਕੀ ਤੋਂ ਇਲਾਵਾ ਕੋਈ ਤੀਜੀ ਵਸਤੂ ਨਹੀਂ ਵਰਤੀ ਜਾਂਦੀ। ਉਨ੍ਹਾਂ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਦੀ ਧਾਰਨਾ ਉੱਕਾ ਹੀ ਗਲਤ ਹੈ। ਸ੍ਰੀ ਸ਼ਰਮਾ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਲਏ ਨਮੂਨਿਆਂ ਦੀ ਅੱਜ ਆਈ ਰਿਪੋਰਟ ਵਿੱਚ ਸਭ ਕੁੱਝ ਠੀਕ ਪਾਇਆ ਗਿਆ ਹੈ। ਉਂਜ ਫੈਕਟਰੀ ਪ੍ਰਬੰਧਕ ਵਾਤਾਵਰਨ ਅਤੇ ਪ੍ਰਦੂਸ਼ਣ ਸਬੰਧੀ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ।

